Prajwal Revanna

ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਬ.ਲਾ.ਤ.ਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਕਰਨਾਟਕ, 02 ਅਗਸਤ 2025: Prajwal Revanna News: ਕਰਨਾਟਕ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਜਨਤਾ ਦਲ ਸੈਕੂਲਰ (ਜੇਡੀਐਸ) ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਵਿਸ਼ੇਸ਼ ਅਦਾਲਤ ਦੇ ਜੱਜ ਸੰਤੋਸ਼ ਗਜਾਨਨ ਭੱਟ ਨੇ ਸਜ਼ਾ ਦਾ ਐਲਾਨ ਕੀਤਾ। ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਵਿਰੁੱਧ ਬਲਾਤਕਾਰ ਦੇ ਚਾਰ ਮਾਮਲੇ ਦਰਜ ਹਨ। ਇਹ ਮਾਮਲਾ 48 ਸਾਲਾ ਔਰਤ ਨਾਲ ਸਬੰਧਤ ਹੈ ਜੋ ਹਸਨ ਜ਼ਿਲ੍ਹੇ ‘ਚ ਰੇਵੰਨਾ ਦੇ ਪਰਿਵਾਰ ਦੇ ਗਨਿਕਾਡਾ ਫਾਰਮ ਹਾਊਸ ‘ਚ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ।

ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਰੇਵੰਨਾ ਨੂੰ 2021 ‘ਚ ਹਸਨ ‘ਚ ਉਸਦੇ ਫਾਰਮ ਹਾਊਸ ਅਤੇ ਬੰਗਲੌਰ ‘ਚ ਉਸਦੇ ਘਰ ‘ਚ ਔਰਤ ਨਾਲ ਦੋ ਵਾਰ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਨਾਂ ਨੇ ਇਹ ਘਟਨਾ ਆਪਣੇ ਮੋਬਾਈਲ ਫੋਨ ‘ਤੇ ਵੀ ਰਿਕਾਰਡ ਕੀਤੀ। ਉਨ੍ਹਾਂ ਨੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਵੀਡੀਓ ਲੀਕ ਕਰ ਦੇਵੇਗਾ।

ਵਿਸ਼ੇਸ਼ ਸਰਕਾਰੀ ਵਕੀਲ ਅਸ਼ੋਕ ਨਾਇਕ ਨੇ ਕਿਹਾ ਕਿ ਇਸਤਗਾਸਾ ਨੇ 26 ਗਵਾਹਾਂ ਦੇ ਬਿਆਨ ਲਏ ਅਤੇ 180 ਦਸਤਾਵੇਜ਼ ਪੇਸ਼ ਕੀਤੇ। ਮੁੱਖ ਸਬੂਤ ਪੀੜਤਾ ਦਾ ਸੀ, ਜੋ ਕਿ ਬਹੁਤ ਭਰੋਸੇਯੋਗ ਸੀ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਤੰਬਰ 2024 ‘ਚ 1,632 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ‘ਚ 113 ਗਵਾਹਾਂ ਦੇ ਬਿਆਨ ਸ਼ਾਮਲ ਸਨ।

ਇਹ ਮਾਮਲੇ ਉਦੋਂ ਸਾਹਮਣੇ ਆਏ ਜਦੋਂ 26 ਅਪ੍ਰੈਲ, 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਸਨ ‘ਚ ਪ੍ਰਜਵਲ ਰੇਵੰਨਾ ਨਾਲ ਸਬੰਧਤ ਕਥਿਤ ਅਸ਼ਲੀਲ ਵੀਡੀਓ ਵਾਲੇ ਪੈੱਨ-ਡਰਾਈਵ ਕਥਿਤ ਤੌਰ ‘ਤੇ ਪ੍ਰਸਾਰਿਤ ਕੀਤੇ ਗਏ ਸਨ। ਪ੍ਰਜਵਲ ਰੇਵੰਨਾ ਨੂੰ ਪਿਛਲੇ ਸਾਲ 31 ਮਈ ਨੂੰ ਜਰਮਨੀ ਤੋਂ ਬੈਂਗਲੁਰੂ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਹੋਲੇਨਾਰਸੀਪੁਰਾ ਟਾਊਨ ਪੁਲਿਸ ਸਟੇਸ਼ਨ ‘ਚ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ SIT ਨੇ ਗ੍ਰਿਫ਼ਤਾਰ ਕੀਤਾ ਸੀ।

Read More: ਪਾਸਟਰ ਬਜਿੰਦਰ ਸਿੰਘ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

Scroll to Top