ਚੰਡੀਗੜ੍ਹ, 21 ਮਈ 2024: ਭਰਤਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਰਾਜਸਥਾਨ ਦੀ ਸਾਬਕਾ ਗਹਿਲੋਤ ਸਰਕਾਰ ‘ਚ ਮੰਤਰੀ ਰਹੇ ਵਿਸ਼ਵੇਂਦਰ ਸਿੰਘ (Vishvender Singh) ਦਾ ਆਪਣੀ ਘਰਵਾਲੀ ਦਿਵਿਆ ਸਿੰਘ ਅਤੇ ਬੇਟੇ ਅਨਿਰੁਧ ਸਿੰਘ ਨਾਲ ਵਿਵਾਦ ਅਦਾਲਤ ਤੱਕ ਪਹੁੰਚ ਗਿਆ ਹੈ। ਵਿਵਾਦ ਦੀ ਜੜ੍ਹ ਸ਼ਾਹੀ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਅਤੇ ਸਾਬਕਾ ਸ਼ਾਹੀ ਪਰਿਵਾਰ ਦੇ ਅਨਮੋਲ ਸੋਨੇ ਦੇ ਗਹਿਣਿਆਂ ਅਤੇ ਪੁਰਾਣੀਆਂ ਵਸਤਾਂ ਦਾ ਸ਼ਾਹੀ ਭੰਡਾਰ ਹੈ।
ਇਸ ਵਿਵਾਦ ਦੀ ਕਹਾਣੀ ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਵਿਸ਼ਵੇਂਦਰ ਸਿੰਘ ਵੱਲੋਂ ਸਬ-ਡਿਵੀਜ਼ਨਲ ਅਫਸਰ ਟ੍ਰਿਬਿਊਨਲ, ਭਰਤਪੁਰ ਵਿੱਚ ਅਰਜ਼ੀ ਦਾਇਰ ਕਰਕੇ ਆਪਣੀ ਘਰਵਾਲੀ ਅਤੇ ਪੁੱਤਰ ਤੋਂ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਗੁਜ਼ਾਰੇ ਦੀ ਮੰਗ ਤੋਂ ਸ਼ੁਰੂ ਹੋਈ।
ਵਿਸ਼ਵੇਂਦਰ ਸਿੰਘ (Vishvender Singh) ਦਾ ਦੋਸ਼ ਹੈ ਕਿ ਉਸ ਦੀ ਘਰਵਾਲੀ ਦਿਵਿਆ ਸਿੰਘ ਅਤੇ ਬੇਟੇ ਅਨਿਰੁਧ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ। ਪੇਟ ਭਰ ਭੋਜਨ ਨਹੀਂ ਦਿੰਦੇ । ਉਨ੍ਹਾਂ ਨੂੰ ਕਿਸੇ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ। ਉਹ ਘਰ (ਮੋਤੀ ਮਹਿਲ) ਛੱਡਣ ਲਈ ਮਜਬੂਰ ਹਨ। ਉਹ ਖਾਨਾਬਦੋਸ਼ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਸਰਕਾਰੀ ਰਿਹਾਇਸ਼ ਤੇ ਕਦੇ ਹੋਟਲ ਵਿੱਚ ਰਹਿਣਾ ਪੈਂਦਾ ਹੈ।
ਇਸ ਦੇ ਜਵਾਬ ਵਿੱਚ ਦਿਵਿਆ ਸਿੰਘ ਅਤੇ ਅਨਿਰੁਧ ਸਿੰਘ ਨੇ ਦੋਸ਼ ਲਾਇਆ ਹੈ ਕਿ ਵਿਸ਼ਵੇਂਦਰ ਸਿੰਘ ਨੇ ਹਜ਼ਾਰਾਂ ਕਰੋੜ ਰੁਪਏ ਦੀ ਵਿਰਾਸਤੀ ਜਾਇਦਾਦ ਵੇਚੀ ਹੈ। ਹੁਣ ਉਹ ਮੋਤੀ ਮਹਿਲ ਨੂੰ ਵੀ ਵੇਚਣਾ ਚਾਹੁੰਦੇ ਹਨ, ਜਿਸ ਨੂੰ ਅਸੀਂ ਨਹੀਂ ਹੋਣ ਦੇਵਾਂਗੇ। ਇੱਕ ਵਾਰ ਵਿਸ਼ਵੇਂਦਰ ਸਿੰਘ ਨੇ ਵੀ ਐਡਵਾਂਸ ਲੈ ਲਿਆ ਸੀ। ਇਸ ਨੂੰ 99 ਸਾਲ ਲਈ ਲੀਜ਼ ‘ਤੇ ਦੇਣ ਦੀ ਤਿਆਰੀ ਵੀ ਕੀਤੀ ਗਈ ਸੀ। ਹੁਣ ਉਹ ਸਾਨੂੰ ਬਦਨਾਮ ਕਰ ਰਹੇ ਹਨ।
ਵਿਸ਼ਵੇਂਦਰ ਸਿੰਘ ਨੇ ਅਦਾਲਤ ਤੋਂ ਗੋਲਬਾਗ ਕੰਪਲੈਕਸ ਵਿੱਚ ਸਥਿਤ ਮੋਤੀ ਮਹਿਲ, ਕੋਠੀ ਦਰਬਾਰ ਨਿਵਾਸ, ਸੂਰਜ ਮਹਿਲ, ਸਾਰੇ ਮੰਦਰਾਂ, ਇਮਾਰਤਾਂ ਅਤੇ ਮੰਦਰਾਂ ਦਾ ਕਬਜ਼ਾ ਲੈਣ ਦੀ ਰਾਹਤ ਦੇ ਨਾਲ-ਨਾਲ ਰੱਖ-ਰਖਾਅ ਦੀ ਰਾਹਤ ਦੀ ਮੰਗ ਕੀਤੀ ਹੈ।