ਚੰਡੀਗੜ੍ਹ, 20 ਦਸੰਬਰ 2024: Om Prakash Chautala Death News: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦੁਪਹਿਰ ਕਰੀਬ 12 ਵਜੇ ਗੁਰੂਗ੍ਰਾਮ ਮੇਦਾਂਤਾ ‘ਚ ਆਖਰੀ ਸਾਹ ਲਏ । ਮਿਲੀ ਜਾਣਕਾਰੀ ਮੁਤਾਬਕ ਓਮ ਪ੍ਰਕਾਸ਼ ਚੌਟਾਲਾ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਸੀ ਅਤੇ ਪਿਛਲੇ 3-4 ਸਾਲਾਂ ਤੋਂ ਮੇਦਾਂਤਾ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਸ਼ੁੱਕਰਵਾਰ ਨੂੰ ਜਦੋਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਨ੍ਹਾਂ (Om Prakash Chautala) ਨੂੰ 11:35 ‘ਤੇ ਮੇਦਾਂਤਾ ‘ਚ ਐਮਰਜੈਂਸੀ ‘ਚ ਲਿਆਂਦਾ ਗਿਆ। ਮੇਦਾਂਤਾ ਪ੍ਰਸ਼ਾਸਨ ਨੇ ਓਮ ਪ੍ਰਕਾਸ਼ ਚੌਟਾਲਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹਰਿਆਣਾ ਦੀ ਰਾਜਨੀਤੀ ‘ਚ ਓਮ ਪ੍ਰਕਾਸ਼ ਚੌਟਾਲਾ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਜਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ (Om Prakash Chautala) ਦਾ ਜਨਮ 1 ਜਨਵਰੀ 1935 ਨੂੰ ਹਰਿਆਣਾ ਦੇ ਸਿਰਸਾ ਦੇ ਪਿੰਡ ਚੌਟਾਲਾ ‘ਚ ਹੋਇਆ ਸੀ। ਚੌਟਾਲਾ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਓਮ ਪ੍ਰਕਾਸ਼ ਚੌਟਾਲਾ ਪਹਿਲੀ ਵਾਰ 2 ਦਸੰਬਰ 1989 ਨੂੰ ਮੁੱਖ ਮੰਤਰੀ ਬਣੇ ਸਨ, ਉਹ 22 ਮਈ 1990 ਤੱਕ ਇਸ ਅਹੁਦੇ ‘ਤੇ ਰਹੇ।
ਓਮ ਪ੍ਰਕਾਸ਼ ਚੌਟਾਲਾ ਨੇ 12 ਜੁਲਾਈ, 1990 ਨੂੰ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਦੋਂ ਤਤਕਾਲੀ ਮੁੱਖ ਮੰਤਰੀ ਬਨਾਰਸੀ ਦਾਸ ਗੁਪਤਾ ਨੂੰ ਦੋ ਮਹੀਨਿਆਂ ਦੇ ਅੰਦਰ ਅਹੁਦੇ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਚੌਟਾਲਾ ਨੂੰ ਵੀ ਪੰਜ ਦਿਨਾਂ ਬਾਅਦ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਫਿਰ 22 ਅਪ੍ਰੈਲ 1991 ਨੂੰ ਚੌਟਾਲਾ ਨੇ ਤੀਜੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, ਪਰ ਸਿਰਫ਼ ਦੋ ਹਫ਼ਤੇ ਬਾਅਦ ਹੀ ਕੇਂਦਰ ਸਰਕਾਰ ਨੇ ਹਰਿਆਣਾ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਸੀ।
Read More: Farmers Protest 2024: ਕਿਸਾਨਾਂ ਦੇ ਹੱਕ ‘ਚ ਡਟੀਆ ਹਰਿਆਣਾ ਦੀਆਂ ਖਾਪ ਪੰਚਾਇਤਾਂ