ਦਿੱਲੀ 4 ਅਕਤੂਬਰ 2024: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨਵੇਂ ਘਰ ਵਿੱਚ ਸ਼ਿਫਟ ਹੋਣਗੇ। ਕੇਜਰੀਵਾਲ ਲਈ ਮੰਡੀ ਹਾਊਸ ਇਲਾਕੇ ਦਾ ਘਰ ਫਾਈਨਲ ਕਰ ਲਿਆ ਗਿਆ ਹੈ। ਉਹ ਫਿਰੋਜ਼ਸ਼ਾਹ ਰੋਡ ‘ਤੇ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਅਸ਼ੋਕ ਮਿੱਤਲ ਨੂੰ ਅਲਾਟ ਕੀਤੇ ਗਏ ਬੰਗਲੇ ‘ਚ ਰਹਿਣਗੇ। ਉਹ ਫਲੈਗ ਸਟਾਫ ਰੋਡ ‘ਤੇ ਸਥਿਤ ਮੁੱਖ ਮੰਤਰੀ ਨਿਵਾਸ ਨੂੰ ਖਾਲੀ ਕਰਕੇ ਇੱਥੇ ਆਉਣਗੇ।
ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਸਰਕਾਰੀ ਰਿਹਾਇਸ਼ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਤੋਂ ਕੇਜਰੀਵਾਲ ਨੂੰ ਰਾਸ਼ਟਰੀ ਪਾਰਟੀ ਦੇ ਮੁਖੀ ਵਜੋਂ ਰਿਹਾਇਸ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ, ਪਰ ਸਰਕਾਰ ਵੱਲੋਂ ਇਸ ‘ਤੇ ਕੋਈ ਜਵਾਬ ਨਹੀਂ ਆਇਆ।
ਕੇਜਰੀਵਾਲ ਹੁਣ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਅਤੇ ਉਥੋਂ ਦੇ ਵਿਧਾਇਕਾਂ ਨੂੰ ਸਰਕਾਰੀ ਰਿਹਾਇਸ਼ ਨਹੀਂ ਮਿਲਦੀ। ਸੀਐਮ ਬਣਨ ਤੋਂ ਪਹਿਲਾਂ ਉਹ ਗਾਜ਼ੀਆਬਾਦ ਦੇ ਕੌਸ਼ਾਂਬੀ ਇਲਾਕੇ ਵਿੱਚ ਰਹਿੰਦੇ ਸਨ।