July 2, 2024 8:22 pm
Navjot Sidhu

ਸਾਬਕਾ ਕਾਂਗਰਸੀ ਵਿਧਾਇਕਾਂ ਦਾ ਪ੍ਰਤਾਪ ਬਾਜਵਾ ਨੂੰ ਸਵਾਲ, ਨਵਜੋਤ ਸਿੱਧੂ ਨਾਲ ਨੇੜਤਾ ਹੋਣ ਕਰਕੇ ਪੱਖਪਾਤ ਕਿਉਂ

ਚੰਡੀਗੜ੍ਹ, 20 ਦਸੰਬਰ 2023: ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ (Navjot Sidhu) ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਇੱਕ ਫਿਰ ਸ਼ਬਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਦੋਵੇਂ ਕਾਂਗਰਸ ਆਗੂ ਟਵਿੱਟਰ ਰਾਹੀਂ ਇੱਕ ਦੂਜੇ ‘ਤੇ ਆਪਣੀ ਭੜਾਸ ਕੱਢ ਰਹੇ ਹਨ। ਉੱਥੇ ਹੀ ਕਾਂਗਰਸੀ ਵਿਧਾਇਕਾਂ ਨੇ ਐਕਸ ‘ਤੇ ਪੋਸਟ ਸਾਂਝੀ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਹੈ ਕਿ ਕਾਂਗਰਸ ਦੀ ਬੇਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ‘ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ।

ਉਨ੍ਹਾਂ ਕਿਹਾ, “ਸਤਿਕਾਰਯੋਗ ਬਾਜਵਾ ਸਾਬ ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ‘ਚ ਸੱਦਿਆ ਜਾਂਦਾ ਹੈ। ਤੇ ਜੇ ਅਸੀਂ ਕਾਂਗਰਸ ਦੀ ਬੇਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ‘ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ। ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ।

ਪਰ ਨਵਜੋਤ ਸਿੱਧੂ (Navjot Sidhu) ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ। ਪਿਛਲੇ ਲਗਭਗ ਇਕ ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੀ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ। ਅਸਲ ‘ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ।

ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ, ਵੱਲੋਂ :- ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ MLA ਰਾਜਿੰਦਰ ਸਿੰਘ ਸਮਾਣਾ, ਸਾਬਕਾ MLA ਮਹੇਸ਼ਇੰਦਰ ਸਿੰਘ, ਸਾਬਕਾ MLA ਰਾਮਿੰਦਰ ਆਮਲਾ, ਸਾਬਕਾ MLA ਜਗਦੇਵ ਸਿੰਘ ਕਮਾਲੁ, ਸਾਬਕਾ MLA ਵਿਜੈ ਕਾਲਰਾ , ਹਲਕਾ ਇੰਚਾਰਝ ਗੁਰੂਹਰਸਹਾਏ ਹਰਵਿੰਦਰ ਸਿੰਘ ਲਾਡੀ ,ਹਲਕਾ ਇੰਚਾਰਜ ਬਠਿੰਡਾ ਦਿਹਾਤੀ ਰਾਜਬੀਰ ਸਿੰਘ ਰਾਜਾ,ਰਾਮਪੁਰਾ ਫੂਲ ਇੰਦਰਜੀਤ ਸਿੰਘ ਢਿੱਲੋਂ, ਰਾਮਪੁਰਾ ਫੂਲ ਕਾਂਗਰਸ ਦੇ ਹੋਰ ਵਰਕਰ ਅਤੇ ਸੀਨੀਅਰ ਲੀਡਰ”

ਦਰਅਸਲ, ਪ੍ਰਤਾਪ ਬਾਜਵਾ ਨੇ ਨਵਜੋਤ ਸਿੱਧੂ ਨੂੰ ਪ੍ਰਦਰਸ਼ਨ ਲਈ ਸੱਦਾ ਦਿੱਤਾ ਸੀ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਇਹ ਸਿੱਧੂ ਸਾਹਿਬ ਨੂੰ ਦੱਸਾਂਗਾ, ਕੁਝ ਸਮਝਦਾਰੀ ਨਾਲ ਕੰਮ ਕਰੋ। ਉਨ੍ਹਾਂ ਦੀ ਇੱਕ ਹੀ ਸਲਾਹ ਹੈ, ਪਾਰਟੀ ਕੇਡਰ ਨਾਲ ਚੱਲੋ। ਪਾਰਟੀ ਸਟੇਜਾਂ ‘ਤੇ ਆ ਜਾਓ। ਦੋ ਦਿਨ ਬਾਅਦ 21 ਅਤੇ 22 ਦਸੰਬਰ ਨੂੰ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਇੱਕ ਜਗਰਾਉਂ ਵਿੱਚ ਅਤੇ ਦੂਜਾ ਫਗਵਾੜਾ ਵਿੱਚ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਉੱਥੇ ਆ ਕੇ ਕਹੋ। ਆਪਣੀ ਵੱਖਰੀ ਸਟੇਜ ਕਾਇਮ ਕਰਨੀ ਚੰਗੀ ਗੱਲ ਨਹੀਂ।

ਇਸਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਇਸ ਨੂੰ ਸਹੀ ਨਹੀਂ ਕਹੇਗਾ। ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਚੰਗੀ ਰਾਏ ਦੇਣ ਵਾਲੇ ਵੀ ਕਹਿਣਗੇ ਕਿ ਆਪਣੀ ਸਟੇਜ ਖੁਦ ਨਾ ਲਗਾਓ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਵਜਾ ਨੇ ਨਵਜੋਤ ਸਿੰਘ ਸਿੱਧੂ ਦੀ ਕਾਰਗੁਜਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ ਜਦੋਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਬਾਜਵਾ ਨੇ ਕਿਹਾ ਕਿ ਤੁਹਾਡੀ ਪ੍ਰਧਾਨਗੀ ‘ਚ ਕਾਂਗਰਸ 78 ਵਿਧਾਇਕਾਂ ਤੋਂ 18 ‘ਤੇ ਆ ਗਈ ਹੈ। ਹੁਣ ‘ਤੇ ਪਾਰਟੀ ਦੇ ਨਾਲ ਚੱਲੋ ।