Sadhu Singh Dharamsot

Punjab: ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ

ਚੰਡੀਗੜ੍ਹ, 21 ਸਤੰਬਰ 2024: ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਧਰਮਸੋਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ | ਸਾਬਕਾ ਕਾਂਗਰਸੀ ਮੰਤਰੀ ਧਰਮਸੋਤ ਜੰਗਲਾਤ ਘਪਲੇ ਮਾਮਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਨਾਭਾ ਜੇਲ੍ਹ ‘ਚ ਬੰਦ ਹਨ।

ਸਾਧੂ ਸਿੰਘ ਧਰਮਸੋਤ (Sadhu Singh Dharamsot) ਨੇ ਉਪਰੋਕਤ ਦੋਵਾਂ ਮਾਮਲਿਆਂ ‘ਚ ਗ੍ਰਿਫਤਾਰੀਆਂ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਹਾਈਕੋਰਟ ਨੇ ਤਕਨੀਕੀ ਆਧਾਰ ‘ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਪਰ ਜੰਗਲਾਤ ਘਪਲੇ ਮਾਮਲੇ ‘ਚ ਹਾਈਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ |

ਜਾਣਕਾਰੀ ਮੁਤਾਬਕ ਕਿ 6 ਫਰਵਰੀ 2023 ਨੂੰ ਸਾਧੂ ਸਿੰਘ ਧਰਮਸੋਤ ਖ਼ਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਧਰਮਸੋਤ ਨੇ ਮੋਹਾਲੀ ਦੀ ਅਦਾਲਤ ਵਿਚ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ । 6 ਜੂਨ, 2022 ਨੂੰ ਜੰਗਲਾਤ ਘਪਲੇ ‘ਚ ਐਫ.ਆਈ.ਆਰ. ਦਰਜ ਕੀਤੀ ਗਈ ਸੀ।

ਸਾਬਕਾ ਮੰਤਰੀ ਧਰਮਸੋਤ ਨੇ ਦਰੱਖਤ ਕੱਟਣ ਦੇ ਮਾਮਲੇ ‘ਚ ਕਥਿਤ ਤੌਰ ‘ਤੇ ਰਿਸ਼ਵਤ ਲਈ ਸੀ। ਵਿਜੀਲੈਂਸ ਨੇ ਇਸ ਰਿਸ਼ਵਤ ਕਾਂਡ ‘ਚ ਕਾਰਵਾਈ ਕਰਦਿਆਂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਈਡੀ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦਿਆਂ ਹਾਈਕੋਰਟ ‘ਚ ਹੁਕਮ ਰੱਦ ਕਰਨ ਦੀ ਮੰਗ ਕੀਤੀ ਸੀ ਅਤੇ ਜ਼ਮਾਨਤ ਦੀ ਵੀ ਮੰਗ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।

ਇਸ ਵੇਲੇ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਵੀ ਜੇਲ੍ਹ ‘ਚ ਹੀ ਰਹਿਣਾ ਪਵੇਗਾ ਕਿਉਂਕਿ ਹਾਈ ਕੋਰਟ ਨੇ ਜੰਗਲਾਤ ਘਪਲੇ ਦੇ ਮਾਮਲੇ ‘ਚ ਈਡੀ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਉਂਦਿਆਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

Scroll to Top