ਚੰਡੀਗ੍ਹੜ, 12 ਅਪ੍ਰੈਲ, 2024: ਈਦ-ਉਲ-ਫਿਤਰ ਦਾ ਤਿਉਹਾਰ ਕੱਲ ਯਾਨੀ ਵੀਰਵਾਰ ਨੂੰ ਦੇਸ਼ ਭਰ ‘ਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਜਲੰਧਰ ਵਿੱਚ ਮੁਸਲਿਮ ਭਾਈਚਾਰੇ ਨਾਲ ਨਮਾਜ਼ ਅਦਾ ਕੀਤੀ। ਜਦੋਂ ਚੰਨੀ ਨਮਾਜ਼ ਪੜ੍ਹਨ ਲੱਗੇ ਤਾਂ ਬਜ਼ੁਰਗ ਨੇ ਉਨ੍ਹਾਂ ਨੂੰ ਨਮਾਜ਼ ਪੜ੍ਹਨ ਤੋਂ ਰੋਕ ਦਿੱਤਾ। ਇਸ ਤੋਂ ਨਾਰਾਜ਼ ਚਰਨਜੀਤ ਚੰਨੀ ਦੇ ਨਾਲ ਆਏ ਮੁਸਲਿਮ ਸਮਰਥਕਾਂ ਨੇ ਵੀ ਇਸ ਦਾ ਵਿਰੋਧ ਕੀਤਾ। ਹਾਲਾਂਕਿ ਕੁਝ ਸਮੇਂ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਫਿਰ ਚੰਨੀ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ।
ਦਰਅਸਲ, ਚਰਨਜੀਤ ਸਿੰਘ ਚੰਨੀ (Charanjit Singh Channi) ਈਦ ਮਨਾਉਣ ਲਈ ਜਲੰਧਰ ਦੇ ਗੁਲਾਬ ਦੇਵੀ ਰੋਡ ‘ਤੇ ਸਥਿਤ ਈਦਗਾਹ ਪਹੁੰਚੇ ਸਨ। ਇਸ ਦੌਰਾਨ ਉਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ।
ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਲਾਈਨ ‘ਚ ਖੜ੍ਹੇ ਸਨ ਤਾਂ ਚੰਨੀ ਵੀ ਉਨ੍ਹਾਂ ਦੇ ਨਾਲ ਲਾਈਨ ‘ਚ ਖੜ੍ਹੇ ਹੋ ਗਏ। ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਨੇ ਚੰਨੀ ਨੂੰ ਲਾਈਨ ਵਿੱਚ ਖੜ੍ਹੇ ਹੋਣ ਤੋਂ ਰੋਕ ਦਿੱਤਾ। ਬਜ਼ੁਰਗ ਨੇ ਚੰਨੀ ਅਤੇ ਉਸ ਦੇ ਸਮਰਥਕਾਂ ਦੇ ਸਾਹਮਣੇ ਦਲੀਲ ਦਿੱਤੀ ਕਿ ਤੁਸੀਂ ਮੁਸਲਮਾਨਾਂ ਨਾਲ ਖੜ੍ਹੇ ਹੋ ਕੇ ਨਮਾਜ਼ ਨਹੀਂ ਪੜ੍ਹ ਸਕਦੇ।
ਬਜ਼ੁਰਗ ਨੇ ਅੱਗੇ ਕਿਹਾ ਕਿ ਇਥੇ ਨੇਤਾ ਗਿਰੀ ਨਾ ਕਰਨ, ਹਾਲਾਂਕਿ ਬਾਅਦ ਵਿੱਚ ਸਾਬਕਾ ਸੀਐਮ ਚੰਨੀ ਦੇ ਨਾਲ ਆਏ ਮੁਸਲਿਮ ਸਮਰਥਕਾਂ ਨੇ ਬਜ਼ੁਰਗ ਨੂੰ ਸ਼ਾਂਤ ਕਰਵਾ ਕੇ ਮਾਮਲਾ ਸ਼ਾਂਤ ਕਰਵਾਇਆ।