ਸਾਬਕਾ CM ਕੈਪਟਨ ਨੇ ਪੰਜਾਬ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ PM ਮੋਦੀ ਤੋਂ ਵਿਸ਼ੇਸ਼ ਰਾਹਤ ਪੈਕੇਜ ਅਤੇ ਕੇਂਦਰੀ ਫੌਜਾਂ ਦੀ ਕੀਤੀ ਮੰਗ

ਚੰਡੀਗੜ੍ਹ 31 ਅਗਸਤ 2025: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕਿਹਾ ਕਿ ਭਿਆਨਕ ਹੜ੍ਹਾਂ ਨਾਲ ਪੂਰਾ ਪੰਜਾਬ ਬੁਰੀ ਤਰ੍ਹਾ ਪ੍ਰਭਾਵਿਤ ਹੈ, ਜਿਸ ਨਾਲ ਜਾਨ-ਮਾਲ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਬਹੁਤ ਨੁਕਸਾਨ ਹੋਇਆ ਹੈ। ਭਾਵੇਂ ਕਿ ਲਗਭਗ ਪੰਜਾਬ ਦਾ ਹਰ ਖੇਤਰ ਪ੍ਰਭਾਵਿਤ ਹੋਇਆ ਹੈ, ਪਰ ਸਭ ਤੋਂ ਗੰਭੀਰ ਅਸਰ ਭੋਆ ਵਿਧਾਨ ਸਭਾ ਤੋਂ ਫਾਜ਼ਿਲਕਾ ਤੱਕ, ਕਪੂਰਥਲਾ ਜ਼ਿਲ੍ਹੇ, ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਹੋਇਆ ਹੈ। ਜਿੱਥੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ, ਪਸ਼ੂ ਮਰ ਗਏ ਹਨ, ਅਤੇ ਪੇਂਡੂ ਪਰਿਵਾਰਾਂ ਨੂੰ ਆਪਣੀਆਂ ਥਾਵਾਂ ਛੱਡਣੀਆਂ ਪਈਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਪੰਜਾਬ ‘ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਣ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਲਈ ਫੌਜ, ਐਨ.ਡੀ.ਆਰ.ਐਫ. ਅਤੇ ਸੂਬਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਅਤੇ ਚੱਲ ਰਹੇ ਬਚਾਅ ਅਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਸਹਾਇਤਾ ਲਈ ਕੇਂਦਰੀ ਫੌਜਾਂ ਭੇਜਣ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਨੇ ਕਿਹਾ, “ਸਮੇਂ ਸਿਰ ਮਦਦ ਬਹੁਤ ਜ਼ਰੂਰੀ ਹੈ ਤਾਂ ਜੋ ਪ੍ਰਭਾਵਿਤ ਪਰਿਵਾਰ ਅਤੇ ਕਿਸਾਨ ਦੁੱਖ ਨਾ ਝੱਲਣ। ਪੰਜਾਬ ਦੀ ਅਰਥਵਿਵਸਥਾ, ਜੋ ਪਹਿਲਾਂ ਹੀ ਮੁਸ਼ਕਿਲ ਵਿੱਚ ਹੈ, ਕੇਂਦਰ ਦੀ ਤੁਰੰਤ ਮਦਦ ਤੋਂ ਬਿਨਾਂ ਇਸ ਤਬਾਹੀ ਦਾ ਸਾਹਮਣਾ ਨਹੀਂ ਕਰ ਸਕਦੀ।” ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਨਾਗਰਿਕਾਂ ਨੂੰ ਰਾਹਤ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।

Read More: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ-ਭਾਜਪਾ ‘ਚ ਗਠਜੋੜ ਦੇ ਦਿੱਤੇ ਸੰਕੇਤ

 

Scroll to Top