ਸਪੋਰਟਸ, 07 ਨਵੰਬਰ 2025: ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਸਾਬਕਾ ਮਹਿਲਾ ਟੀਮ ਕਪਤਾਨ ਜਹਾਂਆਰਾ ਆਲਮ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਬੋਰਡ ਨੇ ਕਮੇਟੀ ਨੂੰ 15 ਕੰਮਕਾਜੀ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਅਤੇ ਸਿਫ਼ਾਰਸ਼ਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬੋਰਡ ਨੇ ਆਪਣੇ ਬਿਆਨ ‘ਚ ਇਹ ਵੀ ਕਿਹਾ ਹੈ ਕਿ ਬੋਰਡ ਆਪਣੇ ਸਾਰੇ ਖਿਡਾਰੀਆਂ ਅਤੇ ਸਟਾਫ ਲਈ ਇੱਕ ਸੁਰੱਖਿਅਤ, ਸਤਿਕਾਰਯੋਗ ਅਤੇ ਪੇਸ਼ੇਵਰ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ। ਬੀ.ਸੀ.ਬੀ. ਨੇ ਸਪੱਸ਼ਟ ਕੀਤਾ ਕਿ ਉਹ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਲੋੜੀਂਦੀ ਕਾਰਵਾਈ ਕਰੇਗਾ।
ਜਹਾਂਆਰਾ ਆਲਮ ਨੇ ਸਾਬਕਾ ਮੁੱਖ ਚੋਣਕਾਰ ਅਤੇ ਟੀਮ ਮੈਨੇਜਰ ਮੰਜਰੂਲ ਇਸਲਾਮ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪੱਤਰਕਾਰ ਰਿਆਸਦ ਅਜ਼ੀਮ ਨਾਲ ਇੱਕ ਇੰਟਰਵਿਊ ‘ਚ, ਜਹਾਂਆਰਾ ਨੇ ਕਿਹਾ ਕਿ ਮੰਜਰੂਲ ਇਸਲਾਮ ਨੇ ਉਸ ਨਾਲ ਅਣਉਚਿਤ ਵਿਵਹਾਰ ਕੀਤਾ।
ਉਸਨੇ ਕਿਹਾ ਕਿ ਮੰਜਰੂਲ ਇਸਲਾਮ ਬਿਨਾਂ ਇਜਾਜ਼ਤ ਦੇ ਉਸਦੇ ਮੋਢੇ ‘ਤੇ ਆਪਣਾ ਹੱਥ ਰੱਖਦਾ ਸੀ ਅਤੇ ਅਕਸਰ ਨਿੱਜੀ ਗੱਲਾਂ ਕਰਦਾ ਸੀ, ਜਿਸ ਨਾਲ ਉਹ ਅਸਹਿਜ ਮਹਿਸੂਸ ਕਰਦੀ ਸੀ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਇਸਲਾਮ ਹੱਥ ਮਿਲਾਉਣ ਦੀ ਬਜਾਏ ਗਲੇ ਲਗਾਉਣ ਲਈ ਜਾਂਦਾ ਸੀ, ਇੱਥੋਂ ਤੱਕ ਕਿ ਟੀਮ ਦੇ ਹੋਰ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ‘ਚ ਵੀ।
ਜਹਾਂਨਾਰਾ ਦੇ ਮੁਤਾਬਕ ਉਸਨੇ ਇਸ ਮਾਮਲੇ ਦੀ ਸ਼ਿਕਾਇਤ ਬੀਸੀਬੀ ਦੇ ਸਾਬਕਾ ਨਿਰਦੇਸ਼ਕ ਸ਼ਫੀਉਲ ਇਸਲਾਮ ਨਦੇਲ ਅਤੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਜ਼ਾਮੁਦੀਨ ਚੌਧਰੀ ਨੂੰ ਕੀਤੀ। ਜਹਾਂਨਾਰਾ ਆਲਮ ਅੰਤਰਰਾਸ਼ਟਰੀ ਪੱਧਰ ‘ਤੇ ਬੰਗਲਾਦੇਸ਼ ਲਈ ਇੱਕ ਪ੍ਰਮੁੱਖ ਤੇਜ਼ ਗੇਂਦਬਾਜ਼ ਹੈ। ਜਿਸਨੇ 52 ਵਨਡੇ ਮੈਚਾਂ ‘ਚ 30.39 ਦੀ ਔਸਤ ਨਾਲ 48 ਵਿਕਟਾਂ ਅਤੇ 83 ਟੀ-20 ਮੈਚਾਂ ‘ਚ 24.03 ਦੀ ਔਸਤ ਨਾਲ 60 ਵਿਕਟਾਂ ਲਈਆਂ ਹਨ।
Read More: WI ਬਨਾਮ NZ: ਨਿਊਜ਼ੀਲੈਂਡ ਖ਼ਿਲਾਫ ਰੋਮਾਂਚਕ ਟੀ-20 ਮੈਚ ‘ਚ ਹਾਰੀ ਵੈਸਟਇੰਡੀਜ਼, ਆਖ਼ਰੀ ਓਵਰਾਂ ‘ਚ ਛੱਕਿਆ ਦੀ ਬਰਸਾਤ




