ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ

ਪੰਜਾਬ ਜੰਗਲਾਤ ਵਿਭਾਗ ਵੱਲੋਂ ‘ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025’ ਦਾ ਖਰੜਾ ਕੀਤਾ ਜਾ ਰਿਹੈ ਤਿਆਰ

ਚੰਡੀਗੜ੍ਹ, 21 ਅਗਸਤ 2025: ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਵੱਲੋਂ ‘ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025’ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਜਿਸਦਾ ਉਦੇਸ਼ ਹਰਿਆਲੀ ਨੂੰ ਬਰਕਰਾਰ ਰੱਖਣਾ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਮਿੱਟੀ ਦੀ ਸੰਭਾਲ ਕਰਨਾ ਹੈ।

ਪੰਜਾਬ ਸਰਕਾਰ ਮੁਤਾਬਕ ਇਸ ਐਕਟ ਦਾ ਵਿਸਥਾਰ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ ਤੱਕ ਕੀਤਾ ਜਾ ਸਕੇਗਾ। ਐਕਟ ਮੁਤਾਬਿਕ, ਨਗਰ ਕੌਂਸਲ, ਨਗਰ ਨਿਗਮ, ਨੋਟੀਫਾਈਡ ਏਰੀਆ ਕਮੇਟੀ, ਟਾਊਨ ਏਰੀਆ ਕਮੇਟੀ ਜਾਂ ਕਿਸੇ ਵੀ ਸ਼ਹਿਰੀ ਵਿਕਾਸ ਅਥਾਰਟੀ/ਸਰਕਾਰੀ ਸੰਸਥਾ ਦੀਆਂ ਸੀਮਾਵਾਂ ਨਿਰਧਾਰਿਤ ਕੀਤੀਆਂ ਹਨ। ਇਸ ‘ਚ ਇੱਕ ਟ੍ਰੀ ਅਫਸਰ ਦੀ ਵਿਵਸਥਾ ਵੀ ਹੈ ਜੋ ਪੰਜਾਬ ‘ਚ ਸ਼ਹਿਰੀ ਸਥਾਨਕ ਇਕਾਈਆਂ ਦਾ ਇੱਕ ਕਾਰਜਕਾਰੀ ਅਫਸਰ ਜਾਂ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੋਈ ਹੋਰ ਅਧਿਕਾਰੀ ਹੋਵੇਗਾ।

ਐਕਟ ਦੀ ਧਾਰਾ-4 ਮੁਤਾਬਕ ਕੋਈ ਵੀ ਵਿਅਕਤੀ ਸ਼ਹਿਰੀ ਖੇਤਰਾਂ ‘ਚ ਖੜ੍ਹਾ ਕੋਈ ਵੀ ਰੁੱਖ ਨਹੀਂ ਕੱਟੇਗਾ ਅਤੇ ਕਿਸੇ ਵੀ ਸ਼ਹਿਰੀ ਖੇਤਰ ‘ਚ ਮਨੁੱਖੀ ਦਖਲਅੰਦਾਜ਼ੀ ਤੋਂ ਬਿਨਾਂ ਪੂਰੀ ਤਰ੍ਹਾਂ ਮਰ ਚੁੱਕੇ ਜਾਂ ਡਿੱਗ ਚੁੱਕੇ ਰੁੱਖ ਤੋਂ ਇਲਾਵਾ ਕਿਸੇ ਵੀ ਹੋਰ ਰੁੱਖ ਨੂੰ ਨਹੀਂ ਕੱਟੇਗਾ, ਨਾ ਹੀ ਹਟਾਏਗਾ ਤੇ ਨਾ ਹੀ ਨਿਪਟਾਰਾ ਕਰੇਗਾ। ਐਕਟ ਦੀ ਧਾਰਾ-5 ‘ਚ ਕੁਝ ਉਪਬੰਧ ਅਤੇ ਖਾਸ ਸ਼ਰਤਾਂ ਸ਼ਾਮਲ ਹਨ, ਜਿਨ੍ਹਾਂ ਮੁਤਾਬਕ ਰੁੱਖ ਨੂੰ ਕੱਟਿਆ ਜਾ ਸਕਦਾ ਹੈ ਜਦੋਂ ਕਿ ਧਾਰਾ 9, ਧਾਰਾ 4 ਦੀ ਉਲੰਘਣਾ ਦੀ ਸੂਰਤ ‘ਚ ਰੁੱਖਾਂ ਨੂੰ ਕੱਟਣ ਜਾਂ ਹਟਾਉਣ ਲਈ ਪੈਨੇਲਟੀ ਨਾਲ ਸੰਬੰਧਿਤ ਹੈ।

ਜੰਗਲਾਤ ਮੰਤਰੀ ਇੰਚਾਰਜ ਲਾਲ ਚੰਦ ਕਟਾਰੂਚੱਕ ਨੂੰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਜੀਵਨ ਲਈ ਖ਼ਤਰੇ ਨੂੰ ਧਿਆਨ ‘ਚ ਰੱਖਦਿਆਂ ਸੁੱਕੇ, ਮਰੇ ਹੋਏ ਅਤੇ ਖਤਰਨਾਕ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਪਹਿਲੇ ਪੜਾਅ ‘ਚ 25000 ਸੁੱਕੇ ਰੁੱਖ ਕੱਟੇ ਜਾਣਗੇ।

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਪੌਦੇ ਲਗਾਉਣ ਦੇ ਟੀਚੇ ਨੂੰ ਪਾਰ ਕਰਨ ਦੇ ਸਬੰਧ ‘ਚ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ ਹੁਣ ਤੱਕ 90 ਲੱਖ ਬੂਟੇ ਲਗਾਏ ਜਾ ਚੁੱਕੇ ਹਨ ਜਦੋਂ ਕਿ ਬੂਟੇ ਲਗਾਉਣ ਦਾ ਅਸਲ ਟੀਚਾ 80.5 ਲੱਖ ਸੀ। ਹਰੇਕ ਜ਼ਿਲ੍ਹੇ ‘ਚ 3.50 ਲੱਖ ਬੂਟੇ ਲਗਾਉਣ ਦੀ ਯੋਜਨਾ ਉਲੀਕੀ ਗਈ ਸੀ।

ਮੰਤਰੀ ਨੇ ਰੋਪੜ (ਸ੍ਰੀ ਆਨੰਦਪੁਰ ਸਾਹਿਬ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ), ਸ਼ਹੀਦ ਭਗਤ ਸਿੰਘ ਨਗਰ (ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਦੇ ਆਲੇ ਦੁਆਲੇ ਦੇ ਖੇਤਰ ‘ਤੇ ਧਿਆਨ ਕੇਂਦਰਿਤ ਕਰਦੇ ਹੋਏ), ਸੰਗਰੂਰ, ਪਠਾਨਕੋਟ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ‘ਚ ਹਾਈਵੇਅ ਦੇ ਸੱਜੇ-ਖੱਬੇ ਦੋਵੇਂ ਪਾਸੇ ਪੌਦੇ ਲਗਾਉਣ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਵੀਡੀਓ ਕਾਨਫਰੰਸਿੰਗ ਰਾਹੀਂ ਡੀ.ਐਫ.ਓਜ਼ ਨਾਲ ਗੱਲਬਾਤ ਕਰਦਿਆਂ ਅਤੇ ਸੰਗਰੂਰ ਵਿਖੇ ਇਸ ਸਬੰਧੀ ਠੋਸ ਕਦਮ ਚੁੱਕਣ ਦੀ ਪ੍ਰਸ਼ੰਸਾ ਕਰਦਿਆਂ, ਲਾਲਾ ਚੰਦ ਕਟਾਰੂਚੱਕ ਨੇ ਸਾਰਿਆਂ ਨੂੰ ਪੂਰੇ ਜੋਸ਼ ਅਤੇ ਸਮਰਪਣ ਨਾਲ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਕਿਹਾ।

ਇਸ ਮੌਕੇ ਮੰਤਰੀ ਨੇ ਸਵਰਗੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ‘ਚ ਕਰਵਾਏ ਜਾ ਰਹੇ ਕਵਿਤਾ ਮੁਕਾਬਲਿਆਂ ਦੇ ਸਬੰਧ ‘ਚ ਸ਼੍ਰੇਣੀਆਂ ਦੇ ਮੁੜ ਵਰਗੀਕਰਨ ਨੂੰ ਵੀ ਪ੍ਰਵਾਨਗੀ ਦਿੱਤੀ। ਸੋਧ ਅਨੁਸਾਰ ਹੁਣ ਪ੍ਰਾਇਮਰੀ ਸ਼੍ਰੇਣੀ ‘ਚ ਪਹਿਲੀ ਤੋਂ ਪੰਜਵੀਂ ਜਮਾਤ, ਸੈਕੰਡਰੀ ਸ਼੍ਰੇਣੀ ‘ਚ ਛੇਵੀਂ ਤੋਂ ਅੱਠਵੀਂ ਜਮਾਤ ਸ਼ਾਮਲ ਹੋਵੇਗੀ ਜਦੋਂ ਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਨੂੰ ਸੀਨੀਅਰ ਸੈਕੰਡਰੀ ਸ਼੍ਰੇਣੀ ‘ਚ ਸ਼ਾਮਿਲ ਕੀਤਾ ਗਿਆ ਹੈ।

Read More: ਲਾਲ ਚੰਦ ਕਟਾਰੂਚੱਕ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰੀ ਜੰਗਲਾਤ ਪ੍ਰੋਜੈਕਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ

Scroll to Top