ਚੰਡੀਗੜ੍ਹ, 04 ਅਕਤੂਬਰ 2024: ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ (Dr. Jaishankar) ਦੇ ਪਾਕਿਸਤਾਨ ਦੌਰੇ ‘ਤੇ ਜਾਣਗੇ | ਇਸ ਦੌਰਾਨ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ‘ਚ ਹਿੱਸਾ ਲੈਣਗੇ। ਇਸ ਸੰਬੰਧੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਿੱਤੀ ਹੈ |
ਇਸ ਦੌਰਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰੀ ਜੈਸ਼ੰਕਰ ਦੇ ਪਾਕਿਸਤਾਨ ਦੌਰੇ ‘ਤੇ ਉਨ੍ਹਾਂ (Dr. Jaishankar) ਦੇ ਨਾਲ ਇਕ ਵਫਦ ਵੀ ਜਾਵੇਗਾ। ਇਸਲਾਮਾਬਾਦ ‘ਚ 15-16 ਅਕਤੂਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਸਿਖਰ ਸੰਮੇਲਨ ਦਾ ਪ੍ਰਸਤਾਵ ਹੈ। ਸ਼ੰਘਾਈ ਸਹਿਯੋਗ ਸੰਗਠਨ ਦੀ ਇਸ ਬੈਠਕ ‘ਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਕਜ਼ਾਕਿਸਤਾਨ, ਚੀਨ, ਕਿਰਗਿਸਤਾਨ, ਰੂਸ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਚੋਟੀ ਦੇ ਆਗੂ ਵੀ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਦੀ ਭਾਰਤ ਫੇਰੀ ਵੀ ਪ੍ਰਸਤਾਵਿਤ ਹੈ। ਉਨ੍ਹਾਂ ਕਿਹਾ ਕਿ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ 7 ਤੋਂ 10 ਅਕਤੂਬਰ 2024 ਤੱਕ ਭਾਰਤ ਦਾ ਸਰਕਾਰੀ ਦੌਰਾ ਕਰਨਗੇ। ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਜੂਨ 2024 ਵਿੱਚ ਵੀ ਮੁਈਜ਼ੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਭਾਰਤ ਆਇਆ ਸੀ। ਮੁਈਜ਼ੂ ਬੈਂਗਲੁਰੂ ਅਤੇ ਮੁੰਬਈ ਵੀ ਜਾਣਗੇ। ਉਹ ਇਨ੍ਹਾਂ ਸ਼ਹਿਰਾਂ ‘ਚ ਕਾਰੋਬਾਰੀ ਸਮਾਗਮ ਕਰਨਗੇ।