ਚੰਡੀਗੜ੍ਹ, 11 ਅਕਤੂਬਰ 2023: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਨੇ 14 ਅਤੇ 15 ਅਕਤੂਬਰ ਨੂੰ ਪੰਜਾਬ ਵਿੱਚ ਭਾਰੀ ਮੀਂਹ (Heavy Rain) ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਵੀਰਵਾਰ ਤੱਕ ਭਾਰਤ ਦੇ ਕਈ ਹਿੱਸਿਆਂ ਵਿੱਚ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਵੱਖ-ਵੱਖ ਸੂਬਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਦੀ ਵੀ ਭਵਿੱਖਬਾਣੀ ਕੀਤੀ ਹੈ।
ਬੀਤੇ ਸੋਮਵਾਰ ਰਾਤ ਪੰਜਾਬ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ (Heavy Rain) ਪਿਆ, ਜਿਸ ਕਾਰਨ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ, ਜਿਸ ਨਾਲ ਸਰਦੀ ਦਾ ਅਹਿਸਾਸ ਹੋਇਆ। ਮੀਂਹ ਪੈਣ ਕਾਰਨ ਤਾਪਮਾਨ 4 ਡਿਗਰੀ ਹੇਠਾਂ ਆ ਗਿਆ। ਇਸ ਦੌਰਾਨ 25 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਦਰੱਖਤ ਆਦਿ ਡਿੱਗਣ ਦੀਆਂ ਖ਼ਬਰਾਂ ਹਨ।