T20 cricket

ਟੀ-20 ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ

ਚੰਡੀਗੜ੍ਹ, 27 ਨਵੰਬਰ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 (T20 cricket) ਸੀਰੀਜ਼ ਦੇ ਦੂਜੇ ਮੈਚ ‘ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 235 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਨਾਲ ਗੇਂਦਬਾਜ਼ਾਂ ਦਾ ਕੰਮ ਆਸਾਨ ਹੋ ਗਿਆ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 191 ਦੌੜਾਂ ਹੀ ਬਣਾ ਸਕੀ ਅਤੇ 44 ਦੌੜਾਂ ਨਾਲ ਮੈਚ ਹਾਰ ਗਈ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ ਅਤੇ ਰਿਤੁਰਾਜ ਗਾਇਕਵਾੜ ਦੀ ਤਿਕੜੀ ਨੇ ਅਜਿਹਾ ਰਿਕਾਰਡ ਆਪਣੇ ਨਾਂ ਕਰ ਲਿਆ, ਜੋ ਇਸ ਤੋਂ ਪਹਿਲਾਂ ਕੋਈ ਨਹੀਂ ਕਰ ਸਕਿਆ ਸੀ।

ਯਸ਼ਸਵੀ ਜੈਸਵਾਲ ਨੇ ਤੂਫਾਨੀ ਸ਼ੁਰੂਆਤ ਕਰਦੇ ਹੋਏ 25 ਗੇਂਦਾਂ ‘ਤੇ 53 ਦੌੜਾਂ ਬਣਾਈਆਂ, ਜਿਸ ‘ਚ 9 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਇਸ ਤੋਂ ਬਾਅਦ ਈਸ਼ਾਨ ਕਿਸ਼ਨ 32 ਗੇਂਦਾਂ ‘ਚ 52 ਦੌੜਾਂ ਬਣਾ ਕੇ ਆਊਟ ਹੋ ਗਏ। ਕਿਸ਼ਨ ਨੇ ਤਿੰਨ ਚੌਕੇ ਤੇ ਚਾਰ ਛੱਕੇ ਲਾਏ। ਅੰਤ ਵਿੱਚ ਰਿਤੁਰਾਜ ਗਾਇਕਵਾੜ 43 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਏ। ਗਾਇਕਵਾੜ ਨੇ ਦੋ ਛੱਕੇ ਤੇ ਤਿੰਨ ਚੌਕੇ ਲਾਏ।

ਟੀ-20 ਕ੍ਰਿਕਟ (T20 cricket) ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਸੀ, ਜਦੋਂ ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ। ਟੀ-20 ਕ੍ਰਿਕਟ ‘ਚ ਪਿਛਲੇ ਚਾਰ ਮੈਚਾਂ ‘ਚ ਅਜਿਹਾ ਹੋਇਆ ਸੀ, ਜਦੋਂ ਕਿਸੇ ਟੀਮ ਦੇ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ ਸਨ, ਪਰ ਭਾਰਤ ਇਕ ਵੀ ਮੌਕੇ ‘ਤੇ ਇਸ ‘ਚ ਸ਼ਾਮਲ ਨਹੀਂ ਸੀ।

ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੀ ਤਿਕੜੀ ਨੇ ਭਾਰਤ ਲਈ ਕਈ ਰਿਕਾਰਡ ਬਣਾਏ ਹਨ। ਇਹ ਤਿੰਨੋਂ ਟੀ-20 ‘ਚ ਪਹਿਲੇ ਤਿੰਨ ਸਥਾਨਾਂ ‘ਤੇ ਬੱਲੇਬਾਜ਼ੀ ਕਰਦੇ ਸਨ ਪਰ ਇਹ ਦਿੱਗਜ ਕਦੇ ਵੀ ਇਕੱਠੇ ਅਰਧ ਸੈਂਕੜਾ ਨਹੀਂ ਬਣਾ ਸਕੇ। ਭਾਰਤ ਦੀ ਨੌਜਵਾਨ ਟੀ-20 ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਪਹਿਲੇ ਮੈਚ ਵਿੱਚ ਵੀ ਭਾਰਤ ਨੇ 200 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਦਰਜ ਕੀਤੀ ਸੀ।

Scroll to Top