July 4, 2024 9:42 pm
Harchand Singh Barsat

1994 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਕਿ ਇੱਕ ਸਾਲ ‘ਚ ਹਜ਼ਾਰਾਂ ਨੌਕਰੀਆਂ ਦਿੱਤੀਆਂ ਗਈਆਂ: ਹਰਚੰਦ ਸਿੰਘ ਬਰਸਟ

ਜਲੰਧਰ, 07 ਅਪ੍ਰੈਲ 2023: ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (Harchand Singh Barsat) ਨੇ ਸ਼ੁੱਕਰਵਾਰ ਨੂੰ ਨੌਜਵਾਨਾਂ ਨੂੰ ਘਰ-ਘਰ ਅਤੇ ਮੁਹੱਲੇ ਵਿੱਚ ਜਾ ਕੇ ਲੋਕਾਂ ਨੂੰ ‘ਆਪ’ ਪਾਰਟੀ ਨਾਲ ਜੁੜਨ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਨੂੰ ਇੱਕ ਸੁੰਦਰ ਸੂਬਾ ਬਣਾਇਆ ਜਾ ਸਕੇ। ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ, ਜਲੰਧਰ ਲੋਕ ਸਭਾ ਇੰਚਾਰਜ ਮੰਗਲ ਸਿੰਘ ਅਤੇ ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ ਦੀ ਹਾਜ਼ਰੀ ਵਿੱਚ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ‘ਆਪ’ ਪਾਰਟੀ ਨੌਜਵਾਨਾਂ ਦੀ ਪਾਰਟੀ ਹੈ। ਅੱਜ ਅਸੀਂ ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਨੌਜਵਾਨਾਂ ਵਿਚਲੇ ਜਨੂੰਨ ਨੂੰ ਦੇਖਣ ਲਈ ਇਕੱਠੇ ਹੋਏ ਹਾਂ।

ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵੀ ਨੀਤੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਵਿੱਚ ਨੌਜਵਾਨਾਂ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਸਕੀਮ ਸ਼ੁਰੂ ਕੀਤੀ ਹੈ ਤਾਂ ਜੋ ਨੌਜਵਾਨ ਰੁਜ਼ਗਾਰ ਦੀ ਭਾਲ ਲਈ ਵਿਦੇਸ਼ ਜਾਣ ਦੀ ਬਜਾਏ ਆਪਣਾ ‘ਕਾਰੋਬਾਰ’ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸਰਕਾਰਾਂ ਆਪਣੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ੇ, ਸੂਚਨਾਵਾਂ ਅਤੇ ਸਲਾਹਾਂ ਦਿੰਦੀਆਂ ਹਨ ਪਰ ਇੱਥੇ ਇਸ ਦੇ ਬਿਲਕੁਲ ਉਲਟ ਹੈ। ਸਾਡੇ ਬੱਚੇ ਖਾਲੀ ਹੱਥ ਵਿਦੇਸ਼ ਜਾ ਰਹੇ ਹਨ ਅਤੇ ਆਪਣੀ ਮਿਹਨਤ ਨਾਲ ਕਰੋੜਾਂ ਦਾ ਕਾਰੋਬਾਰ ਕਰ ਰਹੇ ਹਨ। ਦੇਸ਼ ਵਿੱਚ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਕਈ ਤਰ੍ਹਾਂ ਦੇ ਨੋ-ਆਬਜੈਕਸ਼ਨ ਸਰਟੀਫਿਕੇਟ ਲੈਣੇ ਪੈਂਦੇ ਹਨ ਅਤੇ ਬੈਂਕਾਂ ਤੋਂ ਕਰਜ਼ੇ ਵੀ ਉੱਚ ਵਿਆਜ ਦਰਾਂ ‘ਤੇ ਮਿਲਦੇ ਹਨ।

ਸੂਬਾ ਜਨਰਲ ਸਕੱਤਰ (Harchand Singh Barsat) ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ‘ਵਨ ਟਾਈਮ ਲਾਇਸੈਂਸ’ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਤਰਜ਼ ’ਤੇ ਪੰਜਾਬ ਸਰਕਾਰ ਵੀ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਨੀਤੀ ’ਤੇ ਚੱਲ ਰਹੀ ਹੈ। ਭਗਵੰਤ ਮਾਨ ਸਾਹਬ ਨੇ ਕੱਲ੍ਹ ਕਿਹਾ ਕਿ ਸਾਡੇ ਬੱਚਿਆਂ ਨੂੰ ਨੌਕਰੀ ਕਰਨ ਦੀ ਬਜਾਏ ਨੌਕਰੀ ਦੇਣ ਵਾਲੇ ਬਣਨਾ ਚਾਹੀਦਾ ਹੈ। ਅਸੀਂ ਇਸ ਨੀਤੀ ਨੂੰ ਤਾਂ ਹੀ ਸਫ਼ਲ ਬਣਾ ਸਕਦੇ ਹਾਂ ਜੇਕਰ ਨੌਜਵਾਨ ਇਸ ਵਿੱਚ ਸਾਥ ਦੇਣ।

ਹਰਚੰਦ ਸਿੰਘ ਬਰਸਟ ਨੇ ਕਿਹਾ ਕਿ 1994 ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ‘ਆਪ’ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਵਿੱਚ ਨੌਜਵਾਨਾਂ ਨੂੰ ਸਾਰੇ ਵਿਭਾਗਾਂ ਵਿੱਚ ਰੈਗੂਲਰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ 30 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਹਜ਼ਾਰਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਗਿਆ ਹੈ ਅਤੇ ਬਾਕੀਆਂ ਨੂੰ ਭਵਿੱਖ ਵਿੱਚ ਰੈਗੂਲਰ ਕੀਤਾ ਜਾਵੇਗਾ।

ਹਰਚੰਦ ਸਿੰਘ ਬਰਸਟ ਨੇ ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਪਰਮਿੰਦਰ ਗੋਲਡੀ ਨੇ ਪਾਰਟੀ ਵਿਚ ਸ਼ਾਮਲ ਹੋਣ ਦੇ ਬਾਅਦ ਤੋਂ ਹੀ ਸਖ਼ਤ ਮਿਹਨਤ ਕਰਕੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਇੱਥੇ ਕੋਈ ਹਿੰਦੂ, ਮੁਸਲਮਾਨ, ਸਿੱਖ ਜਾਂ ਈਸਾਈ ਨਹੀਂ ਹੈ। ਆਪਾਂ ਸਭ ਹੀ ਇੱਕ ਪਰਿਵਾਰ ਦੇ ਵਾਂਗ ਹਾਂ।

ਇਸ ਮੌਕੇ ਪਰਮਿੰਦਰ ਗੋਲਡੀ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਯੂਥ ਰੈਲੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ, ਜਿਨ੍ਹਾਂ ਦਾ ਲਾਭ ਲੈਕੇ ਸੂਬੇ ਦੇ ਨੌਜਵਾਨ ਪੜ੍ਹ-ਲਿਖਕੇ ਸਵੈ-ਰੁਜ਼ਗਾਰ ਦੇ ਕਾਬਲ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਸੂਬੇ ਦੇ ਯੂਥ ਵਿੰਗ ਦੀ ਜ਼ਿਮਨੀ ਚੋਣ ਵਿੱਚ ਸਖ਼ਤ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਅਰਵਿੰਦ ਕੇਜਰੀਵਾਲ ਦੀ ਝੋਲੀ ਵਿੱਚ ਪਾਉਣਗੇ।

ਇਸ ਮੌਕੇ ਹੋਰਨਾਂ ਆਗੂਆਂ ਤੋਂ ਇਲਾਵਾ ‘ਆਪ’ ਦੀ ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ, ਜਲੰਧਰ ਲੋਕ ਸਭਾ ਇੰਚਾਰਜ ਮੰਗਲ ਸਿੰਘ, ਸੰਦੀਪ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਜਲੰਧਰ, ਹਿੰਮਤ ਸੱਭਰਵਾਲ ਜਨਰਲ ਸਕੱਤਰ ਯੂਥ ਵਿੰਗ ਜਲੰਧਰ, ਡਾ: ਅਮਿਤ ਜ਼ਿਲ੍ਹਾ ਯੂਥ ਪ੍ਰਧਾਨ ਜਲੰਧਰ, ਅਮਿਤ ਢੱਲ, ਬੌਬੀ ਢੱਲ, ਹਰਚਰਨ ਸੰਧੂ, ਕਾਕੂ ਆਹਲੂਵਾਲੀਆ, ਲੱਕੀ ਓਬਰਾਏ, ਸੂਰਜ ਗਿੱਲ, ਦੀਪਕ ਸੰਧੂ, ਲੱਕੀ ਅਟਵਾਲ ਜੁਆਇੰਟ ਸਕੱਤਰ ਯੂਥ ਵਿੰਗ ਜਲੰਧਰ, ਗੁਰਪਾਲ ਸਿੰਘ ਜ਼ਿਲ੍ਹਾ ਯੂਥ ਜੁਆਇੰਟ ਸਕੱਤਰ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਸੁਭਾਸ਼ ਸ਼ਰਮਾ ਜ਼ਿਲ੍ਹਾ ਸਕੱਤਰ ਆਦਿ ਵੀ ਹਾਜ਼ਰ ਸਨ।