July 7, 2024 1:37 pm
ਕਿਸਾਨ ਜਥੇਬੰਦੀਆਂ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ

ਚੰਡੀਗੜ੍ਹ- 17 ਫਰਵਰੀ 2024: ਪੰਜਾਬੀ ਸਾਹਿਤ ਅਕਾਦਮੀ , ਲੁਧਿਆਣਾ ਦੀ 3 ਮਾਰਚ ਨੂੰ ਹੋ ਰਹੀ ਚੋਣ ਲਈ ਲਖਵਿੰਦਰ ਸਿੰਘ ਜੌਹਲ (ਡਾ.) ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ। ਮਨੋਰਥ ਪੱਤਰ ਅੱਜ ਇਸ ਵਾਰ ਜਨਰਲ ਸਕੱਤਰੀ ਦੇ ਉਮੀਦਵਾਰ ਡਾ. ਗੁਰਇਕਬਾਲ ਸਿੰਘ ਨੇ ਜਾਰੀ ਕੀਤਾ।

ਚੋਣ ਮਨੋਰਥ ਪੱਤਰ ਤਿਆਰੀ ਕਮੇਟੀ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨਗੀ ਦੇ ਉਮੀਦਵਾਰ ਡਾਃ ਸ਼ਿੰਦਰਪਾਲ ਸਿੰਘ ਸਾਬਕਾ ਰਜਿਸਟਰਾਰ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਜਨਰਲ ਸਕੱਤਰ ਦੇ ਉਮੀਦਵਾਰ ਡਾਃ ਗੁਰਇਕਬਾਲ ਸਿੰਘ ਮੀਤ ਪ੍ਰਧਾਨਗੀ ਲਈ ਉਮੀਦਵਾਰ ਡਾਃ ਭਗਵੰਤ ਸਿੰਘ ਸੰਪਾਦਕ ਜਾਗੋ, ਡਾਃ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਡਾਃ ਇਕਬਾਲ ਸਿੰਘ ਗੋਦਾਰਾ ਸ਼ਾਮਿਲ ਸਨ।

ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ 3 ਮਾਰਚ, 2024 ਨੂੰ ਸਾਲ 2024-26 ਲਈ ਹੋ ਰਹੀ ਚੋਣ ਲਈ ਇਸ ਮਨੋਰਥ ਪੱਤਰ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦਾ ਸੰਵਿਧਾਨ ਸੋਧਣ ਲਈ ਵਿਸ਼ੇਸ਼ ਸੁਝਾਅ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ।

ਵਿਦੇਸ਼ਾਂ ਵਿਚ ਰਹਿੰਦੇ ਸਰਪ੍ਰਸਤਾਂ ਤੇ ਮੈਂਬਰਜ਼ ਨੂੰ ਅਕਾਡਮੀ ਦੇ ਪ੍ਰਬੰਧ ਵਿਚ ਸੁਚਾਰੂ ਹਿੱਸਾ ਲੈਣ ਲਈ ਭਵਿੱਖ ਮੁਖੀ ਨੇਮ ਬਣਾਏ ਜਾਣਗੇ। ਬਲਰਾਜ ਸਾਹਨੀ ਓਪਨ ਏਅਰ ਥੀਏਟਰ ਦੀ ਮੁਰੰਮਤ ਲਈ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਇਲਾਵਾ ਨਿੱਜੀ ਦਾਨਵੀਰਾਂ ਦੀ ਮਦਦ ਨਾਲ, ਇਹ ਕਾਰਜ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੱਖ ਵੱਖ ਨਾਟਕ ਟੋਲੀਆਂ ਨੂੰ ਇਥੇ ਪੇਸ਼ਕਾਰੀ ਕਰਨ ਲਈ ਸੰਪਰਕ ਕੀਤਾ ਜਾਵੇਗਾ ਤਾਂ ਜੋ ਪੇਸ਼ਾਵਰ ਰੰਗ ਮੰਚ ਨੂੰ ਵਿਕਸਤ ਕਰਨ ਦਾ ਮਾਹੌਲ ਬਣ ਸਕੇ।

ਪੰਜਾਬੀ ਭਵਨ ਦੀ ਇਮਾਰਤ ਦੀ ਦਿੱਖ ਨੂੰ ਰੰਗ-ਰੋਗਨ ਕਰਾ ਕੇ ਨਵਿਆਇਆ ਜਾਵੇਗਾ। ਪੰਜਾਬੀ ਭਵਨ ਰੈਫਰੈਂਸ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਵੈੱਬਸਾਈਟ ਉੱਤੇ ਪਾਉਣ ਦੇ ਯਤਨ ਆਰੰਭੇ ਜਾਣਗੇ ਅਤੇ ਗੂਗਲ ਵਲੋਂ ਡਿਜੀਟਲ ਡਾਟਾ ਦਾ ਬਹਾਨਾ ਬਣਾ ਕੇ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਨ ਲਈ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਨਾਲ ਮਿਲ ਕੇ ਯੂਨੀਕੋਡ ਫੌਂਟ ਵਿਚ ਡਾਟਾ ਉਪਲੱਬਧ ਕਰਵਾਉਣ ਲਈ ਯਤਨ ਕੀਤੇ ਜਾਣਗੇ।

ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਅਕਾਡਮੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਈ ਸਾਲ ਪਹਿਲਾਂ ਮਿਲੀ ਪ੍ਰਵਾਨਗੀ ਦੇ ਆਧਾਰ ‘ਤੇ ਪੀ ਐੱਚ ਡੀ ਪ੍ਰਾਪਤ ਮੈਂਬਰਜ਼ ਦੀ ਮਦਦ ਨਾਲ ਖੋਜ ਕੇਂਦਰ ਵਿਕਸਿਤ ਕੀਤਾ ਜਾਵੇਗਾ। ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਲਈ ਕਿਸੇ ਵੀ ਸਥਾਨਕ ਪੋਸਟਗਰੈਜੂਏਟ ਕਾਲਿਜ ਨਾਲ ਸਹਿਮਤੀ ਸਮਝੌਤਾ ਲਿਖਤੀ ਰੂਪ ਵਿੱਚ ਕੀਤਾ ਜਾਵੇਗਾ। ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਉੱਤੇ ਗੋਸ਼ਟੀਆਂ ਕਰਾਉਣ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਜਾਂ ਹੋਰ ਸੰਸਥਾਵਾਂ ਦੀ ਮੰਗ ‘ਤੇ ਅਕਾਡਮੀ ਵੱਲੋਂ ਇੱਕ ਵਿਦਵਾਨ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ।

ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਸਾਹਿੱਤ ਰੂਪਾਂ ਦੀ ਸਿਖਲਾਈ ਕਾਰਜਸ਼ਾਲਾਵਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ। ਅਕਾਡਮੀ ਦੇ ਹੁਣ ਤੱਕ ਰਹੇ ਫੈਲੋਜ਼ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕਾਂ ਦੀ ਜ਼ਿੰਦਗੀ ਅਤੇ ਸਾਹਿਤ ਨੂੰ ਦੇਣ ਬਾਰੇ ਲੜੀਵਾਰ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਦੀਆਂ ਜੀਵਨੀਆਂ ਲਿਖਵਾਈਆਂ ਜਾਣਗੀਆਂ।

ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਫੌਰੀ ਤੌਰ ‘ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰੇ ਤੇ ਸਰਕਾਰ ਨਾਲ ਵਾਰਤਾਲਾਪ ਦਾ ਸਿਲਸਿਲਾ ਤੋਰਿਆ ਜਾਵੇਗਾ। ਕਾਨੂੰਨੀ ਵਿਵਸਥਾਵਾਂ ਹੋਣ ਦੇ ਬਾਵਜੂਦ ਪੰਜਾਬੀ ਨੂੰ ਪੰਜਾਬ ਵਿੱਚ ਇਨਸਾਫ਼ ਦੀ ਭਾਸ਼ਾ ਨਹੀਂ ਬਣਾਇਆ ਜਾ ਰਿਹਾ, ਘੱਟੋ ਘੱਟ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਫੌਰੀ ਤੌਰ ‘ਤੇ ਪੰਜਾਬੀ ਲਾਗੂ ਕਰਵਾਈ ਜਾਣ ਲਈ ਹੋਰ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ।

ਕਾਨੂੰਨ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਪੰਜਾਬੀ ਭਾਸ਼ਾ (ਵਿਧਾਨਕ) ਕਮਿਸ਼ਨ ਹਕੀਕਤ ਵਿੱਚ ਖ਼ਤਮ ਹੋ ਚੁੱਕਾ ਹੈ। ਇਸ ਦੀ ਪੁਨਰ ਸੁਰਜੀਤੀ ਲਈ ਨਿਰੰਤਰ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਉਪਰ ਉਪਲਬਧ ਬਹੁਤੀ ਸਮੱਗਰੀ ਕੇਵਲ ਅੰਗਰੇਜ਼ੀ ਭਾਸ਼ਾ ਵਿਚ ਹੈ। ਸਰਕਾਰੀ ਹੁਕਮਾਂ ਅਨੁਸਾਰ, ਇਸ ਸੂਚਨਾ ਨੂੰ ਪੰਜਾਬੀ ਵਿਚ ਵੀ ਉਪਲਬਧ ਕਰਵਾਇਆ ਜਾਵੇਗਾ।ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ ਵਿਭਾਗ ਅਤੇ ਹੋਰ ਸਰਕਾਰੀ/ਨੀਮ ਸਰਕਾਰੀ ਅਦਾਰਿਆਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਜੋ ਧਨ ਰਾਸ਼ੀ ਮਿਲਦੀ ਹੈ ਉਸਦੀ ਵਰਤੋਂ ਉਚਿਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਆਵਾਜ਼ ਉਠਾਈ ਜਾਵੇਗੀ।

ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਕਲਾ ਪਰਿਸ਼ਦ ਵਿੱਚ ਨਾਮਜ਼ਦਗੀ ਤੇ ਹੋਰ ਸਬੰਧਿਤ ਕਾਰਜਾਂ ਲਈ ਲੋਕਤੰਤਰੀ ਢੰਗ ਨਾਲ ਚੁਣੀਆਂ ਸੰਸਥਾਵਾਂ ਨੂੰ ਹੀ ਯੋਗ ਸਮਝਣ ਲਈ ਸਰਕਾਰ ਨਾਲ ਲਿਖਾ ਪੜ੍ਹੀ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਹੁੰਦਾ ਸਾਰਾ ਕੰਮ ਕਾਜ ਪੰਜਾਬੀ ਵਿਚ ਕਰਵਾਉਣ ਲਈ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਪੁਰਸਕਾਰਾਂ ਦੀ ਚੋਣ ਲਈ ਤਰਕ-ਸੰਗਤ ਨਿਯਮ ਬਣਾਉਣ ਲਈ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। ਪੰਜਾਬ ਲਾਇਬਰੇਰੀ ਐਕਟ ਬਣਾਉਣ ਲਈ ਅਕਾਡਮੀ ਵੱਲੋਂ 2010 ਵਿੱਚ ਆਰੰਭੇ ਕਾਰਜ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ।

ਪੰਜਾਬੀ ਸਾਹਿੱਤ ਅਕਾਡਮੀ ਦੇ ਕੈਂਪਸ ਅੰਦਰ ਬਣੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਪੁਸਤਕ ਵਿਕਰੇਤਾ ਅਦਾਰਿਆਂ ਨੂੰ ਇਹ ਯਕੀਨੀ ਬਣਾਉਣ ਲਈ ਆਦੇਸ਼ ਕੀਤੇ ਜਾਣਗੇ ਕਿ ਉਹ ਅਕਾਡਮੀ ਦੇ ਸਮੂਹ ਮੈਂਬਰਾਂ ਦੀਆਂ ਕਿਤਾਬਾਂ ਵੀ ਪਾਠਕਾਂ ਤੀਕ ਪਹੁੰਚਾਉਣ ਲਈ ਸਮਰੱਥ ਢਾਂਚਾ ਉਸਾਰਨ। ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਚਲਾਏ ਜਾ ਰਹੇ “ਪੁਸਤਕ ਵਿਕਰੀ ਕੇਂਦਰ” ਵਿਚ ਅਕਾਡਮੀ ਦੇ ਮੈਂਬਰ, ਅਕਾਡਮੀ ਦਫ਼ਤਰ ਰਾਹੀਂ, ਜੋ ਪੁਸਤਕਾਂ ਵਿਕਰੀ ਲਈ ਰੱਖਦੇ ਹਨ, ਉਨ੍ਹਾਂ ਦਾ ਵਿਕਰੀ ਉਪਰੰਤ ਭੁਗਤਾਨ ਹਰ ਛਿਮਾਹੀ ਕਰਨਾ ਯਕੀਨੀ ਬਣਾਇਆ ਜਾਵੇਗਾ।

ਪੰਜਾਬੀ ਸਾਹਿੱਤ ਅਕਾਡਮੀ ਦੀ ਲਾਇਬਰੇਰੀ ,ਦਫ਼ਤਰ ਤੇ ਪੁਸਤਕ ਬਾਜ਼ਾਰ ਨੂੰ ਐਤਵਾਰ ਵਾਲੇ ਦਿਨ ਖੁੱਲ੍ਹਾ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਛੁੱਟੀ ਵਾਲੇ ਦਿਨ ਖੋਜੀ ਵਿਦਵਾਨ, ਪੁਸਤਕ ਪ੍ਰੇਮੀ ਜਾਂ ਸਾਹਿੱਤਕ ਸਮਾਗਮਾਂ ‘ਚ ਭਾਗ ਲੈਣ ਵਾਲੇ ਸੱਜਣ, ਇਸ ਸੰਸਥਾ ਦਾ ਵੱਧ ਲਾਭ ਲੈ ਸਕਣ। ਪੰਜਾਬੀ ਸਾਹਿਤ ਅਕਾਡਮੀ ਨਿਰੋਲ ਸਾਹਿਤਕ ਅਤੇ ਅਕਾਦਮਿਕ ਸੰਸਥਾ ਹੈ, ਇਸ ਕਰਕੇ ਇਸਦੀ ਮੂਲ ਭਾਵਨਾ ਅਤੇ ਸਰੂਪ ਨੂੰ ਬਚਾ ਕੇ ਰੱਖਣ ਲਈ ਵਚਨਬੱਧਤਾ ਕਾਇਮ ਰੱਖੀ ਜਾਵੇਗੀ।

ਪੰਜਾਬੀ ਸਾਹਿਤ ਅਕਾਡਮੀ ਦੇ ਸਾਹਿਤਕ ਸਮਾਗਮਾਂ ਵਿੱਚ ਸਮੂਹ ਮੈਂਬਰ ਸਾਹਿਬਾਨ ਨੂੰ ਬੁਲਾਵਾ ਅਤੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸਭ ਮੈਂਬਰਜ਼ ਨੂੰ ਆਪਣੇ ਈ ਮੇਲ ਪਤੇ ਦਫ਼ਤਰ ਨੂੰ ਈ ਕਾਰਡ ਪ੍ਰਾਪਤੀ ਲਈ ਤੁਰੰਤ ਭੇਜੇ ਜਾਣ ਲਈ ਕਿਹਾ ਗਿਆ ਹੈ। ਇਹ ਮਨੋਰਥ ਪੱਤਰ ਵੱਖ ਵੱਖ ਸੰਸਥਾਵਾਂ, ਉੱਘੇ ਲੇਖਕਾਂ ਤੇ ਪੰਜਾਬੀ ਲੇਖਕ ਸਭਾਵਾਂ ਤੋਂ ਲਏ ਮਸ਼ਵਰਿਆਂ ਉਪਰੰਤ ਪਰਵਾਨ ਕਰ ਕੇ ਜਾਰੀ ਕੀਤਾ ਗਿਆ ਹੈ।