Amritsar-Kuala Lumpur

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ-ਕੁਆਲਾਲੰਪੁਰ ਦਰਮਿਆਨ ਵੱਧ ਰਹੇ ਸਿੱਧੇ ਹਵਾਈ ਸੰਪਰਕ ਦਾ ਸਵਾਗਤ

ਅੰਮ੍ਰਿਤਸਰ,21 ਅਗਸਤ 2023: ਬੀਤੇ ਦਿਨੀਂ ਟੂਰਿਜ਼ਮ ਮਲੇਸ਼ੀਆ ਵੱਲੋਂ ਸੈਰ-ਸਪਾਟਾ ਉਦਯੋਗ ਸੰਬੰਧੀ ਲੀ ਮੈਰੀਡਨ ਹੋਟਲ ਅੰਮ੍ਰਿਤਸਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਦੀ ਅਗਵਾਈ ਵਿੱਚ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ (ਇੰਡੀਆ) ਯੋਗੇਸ਼ ਕਾਮਰਾ ਅਤੇ ਮੈਂਬਰ ਰਵਰੀਤ ਸਿੰਘ ਮਲੇਸ਼ੀਆ ਦੇ ਵੱਖ-ਵੱਖ ਟੂਰ ਆਪਰੇਟਰਾਂ ਨਾਲ ਪੰਜਾਬ ਅਤੇ ਮਲੇਸ਼ੀਆ ਦਰਮਿਆਨ ਸੈਰ ਸਪਾਟਾ ਉਦਯੋਗ ਦੇ ਵਿਕਾਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ।

ਵਫ਼ਦ ਨੇ ਮਲੇਸ਼ੀਆ ਦੀਆਂ ਏਅਰਲਾਈਨਾਂ ਏਅਰਏਸ਼ੀਆ ਐਕਸ, ਬਾਟਿਕ ਏਅਰ, ਅਤੇ ਮਲੇਸ਼ੀਆ ਏਅਰਲਾਈਨਜ਼ ਦੇ ਪ੍ਰਤੀਨਿਧਾਂ ਨਾਲ ਵੀ ਗੱਲਬਾਤ ਕੀਤੀ। ਬਾਟਿਕ ਏਅਰ, ਜਿਸਨੂੰ ਪਹਿਲਾਂ ਮਲਿੰਡੋ ਏਅਰ ਕਿਹਾ ਜਾਂਦਾ ਸੀ, ਇਸ ਸਮੇਂ ਕੁਆਲਾਲੰਪੁਰ ਅਤੇ ਅੰਮ੍ਰਿਤਸਰ (Amritsar-Kuala Lumpur) ਵਿਚਕਾਰ ਬੋਇੰਗ 737 ਜਹਾਜ਼ ਨਾਲ ਹਫਤੇ ਵਿੱਚ ਤਿੰਨ ਦਿਨ ਸਿੱਧੀ ਉਡਾਣ ਦਾ ਸੰਚਾਲਨ ਕਰ ਰਹੀ ਹੈ।

ਇਸ ਤੋਂ ਇਲਾਵਾ ਏਅਰ ਏਸ਼ੀਆ ਐਕਸ 3 ਸਤੰਬਰ ਤੋਂ ਆਪਣੇ 300 ਤੋਂ ਵੱਧ ਸੀਟਾਂ ਵਾਲੇ ਏਅਰਬੱਸ ਏ330-300 ਜਹਾਜ਼ ਨਾਲ ਕੁਆਲਲੰਪੂਰ – ਅੰਮ੍ਰਿਤਸਰ ਵਿਚਕਾਰ ਹਫ਼ਤੇ ਵਿੱਚ ਚਾਰ ਦਿਨ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਮੰਚ ਅਤੇ ਇਨੀਸ਼ੀਏਟਿਵ ਨੇ ਸਾਲ 2017 ਵਿੱਚ ਏਅਰ ਏਸ਼ੀਆ ਤੱਕ ਪਹੁੰਚ ਕੀਤੀ ਸੀ ਅਤੇ ਇਹਨਾਂ ਯਤਨਾਂ ਸਦਕਾਂ ਹੀ ਏਅਰਲਾਈਨ ਨੇ ਅਗਸਤ 2018 ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ। ਹੁਣ ਇਹਨਾਂ ਦੇ ਸ਼ੁਰੂ ਹੋਣ ਨਾਲ ਸਿਰਫ ਮਲੇਸ਼ੀਆ ਹੀ ਨਹੀਂ ਬਲਕਿ ਆਸਟਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਫਿਲੀਪੀਨਜ਼ ਅਤੇ ਹੋਰਨਾਂ ਕਈ ਦੱਖਣੀ ਏਸ਼ੀਆਈ ਮੁਲਕਾਂ ਦਾ ਹਵਾਈ ਸਫਰ ਵੀ ਸੁਖਾਲਾ ਹੋ ਜਾਵੇਗਾ।

ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਅੰਮ੍ਰਿਤਸਰ ਵਿੱਚ ਟੁਰਿਜ਼ਮ ਮਲੇਸ਼ੀਆ ਵੱਲੋਂ ਸੈਰ ਸਪਾਟਾ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਅਤੇ ਖਾਸ ਤੌਰ ‘ਤੇ ਅਜਿਹੇ ਸਮਾਗਮਾਂ ਰਾਹੀਂ ਅੰਮ੍ਰਿਤਸਰ ਸਮੇਤ ਹੋਰਨਾਂ ਭਾਰਤੀ ਸ਼ਹਿਰਾਂ ਤੱਕ ਪਹੁੰਚ ਕਰਨ ਲਈ ਉਨ੍ਹਾਂ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ ਹੈ।

ਉਹਨਾਂ ਕਿਹਾ ਕਿ ਮਲੇਸ਼ੀਆ ਦੀਆਂ ਏਅਰਲਾਈਨਾਂ ਦੁਆਰਾ ਆਪਣੇ ਕੁਆਲਾਲੰਪੁਰ ਹੱਬ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ (Amritsar-Kuala Lumpur) ਨੂੰ ਦੁਨੀਆ ਦੇ ਕਈ ਹੋਰ ਮੁਲਕਾਂ ਨਾਲ ਜੋੜਨ ਪ੍ਰਤੀ ਦਿਖਾਈ ਗਈ ਡੂੰਘੀ ਦਿਲਚਸਪੀ ਮਲੇਸ਼ੀਆ ਅਤੇ ਭਾਰਤ ਦਰਮਿਆਨ ਵਧ ਰਹੀ ਸਾਂਝੇਦਾਰੀ ਦਾ ਪ੍ਰਮਾਣ ਹੈ। ਕਾਮਰਾ ਨੇ ਕਿਹਾ ਕਿ ਅਸੀਂ ਮਲੇਸ਼ੀਆ, ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਦਰਮਿਆਨ ਵਧੇ ਹੋਏ ਯਾਤਰਾ ਦੇ ਮੌਕਿਆਂ, ਸੱਭਿਆਚਾਰਕ ਤਜ਼ਰਬਿਆਂ ਅਤੇ ਸਥਾਈ ਸਾਂਝੇਦਾਰੀ ਦੇ ਉੱਜਵਲ ਭਵਿੱਖ ਦੀ ਉਮੀਦ ਕਰਦੇ ਹਾਂ।

ਪੰਜਾਬ ਸਰਕਾਰ ਨੂੰ ਇੱਕ ਭਾਵੁਕ ਅਪੀਲ ਵਿੱਚ, ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ ਅਤੇ ਮਨਮੋਹਨ ਸਿੰਘ ਬਰਾੜ ਨੇ ਪੰਜਾਬ ਸਰਕਾਰ ਨੂੰ ਸਥਾਨਕ ਬੀਆਰਟੀਐਸ ਬੱਸ ਸੇਵਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਬੱਸ ਸੇਵਾ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਅਪੀਲ ਕੀਤੀ। ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਹਵਾਈ ਯਾਤਰੀਆਂ ਨੂੰ ਫਾਇਦਾ ਹੋਣ ਦੇ ਨਾਲ ਨਾਲ ਇਹਨਾਂ ਦੀ ਗਿਣਤੀ ਵੀ ਵਧੇਗੀ, ਜਿਸ ਦੇ ਨਤੀਜੇ ਵਜੋਂ ਖੇਤਰ ਦੇ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਵਿੱਚ ਵੀ ਵੱਡਾ ਵਾਧਾ ਹੋਵੇਗਾ।

Scroll to Top