July 7, 2024 7:50 am
Flood

ਪੰਜਾਬ ‘ਚ ਆਏ ਹੜ੍ਹ ਕੁਦਰਤੀ ਆਫ਼ਤ ਜਾਂ ਆਪ ਸਹੇੜੀ ਮੁਸੀਬਤ ?

ਚੰਡੀਗੜ੍, 23 ਅਗਸਤ 2023: ਪੰਜਾਬ ਇੱਕ ਵਾਰ ਫਿਰ ਹੜ੍ਹਾਂ (floods) ਦੀ ਮਾਰ ਝੱਲ ਰਿਹਾ ਹੈ | ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ, ਇਸਦੇ ਨਾਲ ਹੀ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ | ਦੂਜੇ ਪਾਸੇ ਡੈਮਾਂ ਤੋਂ ਲਗਾਤਾਰ ਪਾਣੀਆਂ ਛੱਡਿਆ ਜਾ ਰਿਹਾ ਹੈ | ਹੁਣ ਸਵਾਲ ਉੱਠ ਰਹੇ ਹਨ ਕਿ ਇਹ ਕੁਦਰਤੀ ਆਫ਼ਤ ਹੈ ਜਾਂ ਸੰਬੰਧਿਤ ਮਹਿਕਮਿਆਂ ਅਤੇ ਪ੍ਰਸ਼ਾਸਨ ਦੀ ਅਣਗਹਿਲੀ ?

ਅਜਿਹੀਆਂ ਚਰਚਾਵਾਂ ਹਨ ਕਿ ਪੰਜਾਬ ਵਿੱਚ ਆਏ ਹੜ੍ਹ ਰੋਕੇ ਜਾ ਸਕਦੇ ਸੀ ਜਾਂ ਇਹਨਾਂ ਦਾ ਪ੍ਰਕੋਪ ਘਟਾਇਆ ਜਾ ਸਕਦਾ ਸੀ | ਅਜਿਹਾ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਅਦਾਰਿਆਂ ਅਤੇ ਸਰਕਾਰਾਂ ਵਿਚਾਲੇ ਤਾਲਮੇਲ ਦੀ ਕਮੀ ਦੀ ਸਜ਼ਾ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਲੋਕ ਭੁਗਤਦੇ ਨਜ਼ਰ ਆ ਰਹੇ ਹਨ |

1- ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਜਿਸਦੇ ਅੰਡਰ ਭਾਖੜਾ, ਪੌਂਗ ਅਤੇ ਪੰਡੋਹ ਡੈਮ ਆਉਂਦੇ ਹਨ |
2- ਕੇਂਦਰੀ ਜਲ ਕਮਿਸ਼ਨ (CWC) ਜਿਸਦਾ ਕੰਮ ਡੈਮਾਂ, ਦਰਿਆਵਾਂ ਨੂੰ ਮੋਨੀਟਰ ਕਰਨਾ ਤੇ ਫੋਰਕਾਸਟ ਕਰਨਾ ਹੈ |
3- ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (NDMA)
4- ਰਾਸ਼ਟਰੀ ਮੌਸਮ ਵਿਭਾਗ (IMD)
5- ਹਿਮਾਚਲ ਪ੍ਰਦੇਸ਼ ਸਰਕਾਰ
6- ਪੰਜਾਬ ਸਰਕਾਰ

ਚਰਚਾ ਇਹ ਵੀ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਹਨਾਂ ਹੜ੍ਹਾਂ (floods) ਲਈ ਸੂਬੇ ‘ਚ ਕੁੱਲ 23 ਡੈਮਾਂ ‘ਚੋਂ 21 ਜਿਹਨਾਂ ਵਿੱਚ ਭਾਖੜਾ, ਪੌਂਗ ਅਤੇ ਪੰਡੋਹ ਡੈਮ ਵੀ ਸ਼ਾਮਲ ਹਨ, ਉਨ੍ਹਾਂ ਨੂੰ ਡੈਮ ਸੇਫਟੀ ਨੌਰਮਜ਼, ਕੇਂਦਰੀ ਜਲ ਕਮਿਸ਼ਨ ਤੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ 2015 ਦੀਆਂ ਗਾਈਡਲਾਈਨਜ਼ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਿਆ ਹੈ | ਪਰ ਇਸਦਾ ਅਸਲ ਸੱਚ ਪੰਜਾਬ ਜਾਂ ਕੇਂਦਰ ਸਰਕਾਰ ਦੁਆਰਾ ਕਰਵਾਈ ਨਿਰਪੱਖ ਜਾਂਚ ਚ ਹੀ ਸਾਹਮਣੇ ਆ ਸਕਦਾ ਹੈ |

ਪੰਜਾਬ ‘ਚ ਮੀਂਹ ਨਹੀਂ ਸਨ ਪਰ ਭਾਖੜਾ ਅਤੇ ਪੌਂਗ ਡੈਮ ‘ਚੋਂ ਇਕਦਮ ਅਤੇ ਤੇਜ਼ੀ ਨਾਲ ਪਾਣੀ ਛੱਡਿਆ ਗਿਆ ਕੇ ਲੋਕਾਂ ਅਤੇ ਪ੍ਰਸ਼ਾਸ਼ਨ ਨੂੰ ਬਚਾਵ ਕਰਨ ਦਾ ਮੌਕਾ ਹੀ ਨਹੀਂ ਮਿਲਿਆ | ਕਿਹਾ ਜਾ ਰਿਹਾ ਹੈ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਵਰਕਿੰਗ, ਪਾਰਦਰਸ਼ਿਤਾ ਅਤੇ ਦੂਰ ਦ੍ਰਿਸ਼ਟੀ ਦੀ ਘਾਟ ਕਰਕੇ ਪੰਜਾਬ ਨੂੰ ਇਹ ਦਿਨ ਦੇਖਣੇ ਪਏ ਹਨ |ਜਿਸ ‘ਤੇ ਸਫਾਈਆਂ ਦਾ ਦੌਰ ਜਾਰੀ ਹੈ | ਕਿਹਾ ਇਹ ਵੀ ਜਾ ਰਿਹਾ ਹੈ ਕਿ ਬੀ.ਬੀ.ਐੱਮ.ਬੀ ਨੇ ਮੌਸਮ ਦੀ ਸਹੀ ਭਵਿੱਖਵਾਨੀ ਨਾ ਦੇਣ ਲਈ ਮੌਸਮ ਵਿਭਾਗ ਨੂੰ ਦੋਸ਼ ਦੇ ਰਿਹਾ ਹੈ |

ਚਰਚਾ ਇਹ ਵੀ ਹੈ ਕਿ ਬੀ.ਬੀ.ਐੱਮ.ਬੀ ਦੇ ਚੇਅਰਮੈਨ ਮੁਤਾਬਕ 12 ਤੋਂ 15 ਅਗਸਤ ਯਾਨੀ ਤਿੰਨ ਦਿਨਾਂ ‘ਚ ਪੌਂਗ ਡੈਮ ਚ 7.30 ਲੱਖ ਕਿਊਸਕ ਪਾਣੀ ਆਇਆ ਜੋ ਸਹੀ ਨਹੀਂ ਮੰਨਿਆ ਜਾ ਰਿਹਾ | ਚਰਚਾ ਹੈ ਕਿ 15 ਜੁਲਾਈ ਤੋਂ ਹੀ ਡੈਮ ਭਰਨ ਦੇ ਲੱਛਣ ਸ਼ੁਰੂ ਹੋ ਗਏ ਸਨ ਪਰ ਡੈਮ ‘ਚੋਂ ਸਿਰਫ 41 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਜੋ ਕੇ ਦੁੱਗਣਾ ਛੱਡਿਆ ਜਾ ਸਕਦਾ ਸੀ | ਜਿਸਨੂੰ ਲੈ ਕੇ ਕੁਝ ਸੁਹਿਰਦ ਇੰਜੀਨਿਅਰ ਇਸ ਬਾਰੇ ਚਿੰਤਤ ਵੀ ਸਨ |

14 ਅਗਸਤ ਨੂੰ ਭਾਖੜਾ ਡੈਮ ਦਾ ਪੱਧਰ 1478 ਫੁੱਟ ਜਦਕਿ ਫੁੱਲ ਸਮਰੱਥਾ 1680 ਫੁੱਟ
ਸੀ | ਕਿਹਾ ਜਾ ਰਿਹਾ ਹੈ ਕਿ 20 ਸਤੰਬਰ ਮਾਨਸੂਨ ਵਾਪਸੀ ਤੱਕ ਭਰਨ ਵਾਲੇ ਡੈਮ 15 ਅਗਸਤ ਤੱਕ ਨੱਕੋ ਨੱਕ ਫੁੱਲ ਸਨ ਜੋ ਪਾਣੀ ਸੰਬੰਧੀ ਸਾਰੇ ਨਿਯਮਾਂ, ਕਾਨੂੰਨ ਅਤੇ ਗਾਈਡ ਲਾਈਨਜ਼ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ |

ਇੱਕ ਚਰਚਾ ਇਹ ਵੀ ਹੈ ਕਿ ਯੂਰਪ ਆਪਣੀਆਂ ਨਦੀਆਂ ਨੂੰ ਪੁਨਰ ਸੁਰਜੀਤ ਕਰਨ ਲਈ ਪੁਰਾਣੇ ਡੈਮਾਂ ਕੋਲੋਂ ਮੁਕਤੀ ਪਾ ਰਿਹਾ ਹੈ | ਉਸੇ ਤਰਾਂ ਪੰਜਾਬ ਸਰਕਾਰ ਨੂੰ ਵੀ ਆਉਣ ਵਾਲੇ ਸਮੇਂ ਨੂੰ ਧਿਆਨ ‘ਚ ਰੱਖ ਕੇ ਯੋਜਨਾ ਉਲੀਕਣੀ ਚਾਹੀਦੀ ਹੈ ਅਤੇ ਹੜ੍ਹਾਂ ਬਾਰੇ ਤਫਤੀਸ਼ ਕਰਵਾ ਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ | ਪਹਾੜਾਂ ‘ਚ ਵਾਰ-ਵਾਰ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਜਾਂਦੀ ਹੈ | ਪੰਜਾਬੀਆਂ ਬੰਨ੍ਹ ‘ਚ ਪਏ ਪਾੜ ਅਤੇ ਉਨ੍ਹਾਂ ਦੀ ਨਿਗਰਾਨੀ ਰੱਖ ਰਹੇ ਹਨ | ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਨਸੂਨ ਦੇ ਵਾਪਸ ਮੁੜਨ ਤੱਕ ਖਤਰਾ ਹੀ ਹੈ | ਪੰਜਾਬ ਦੇ ਲੋਕ ਇੰਨੀ ਗਰਮੀ, ਹੁੰਮਸ, ਗੁੰਮ ਮੌਸਮ ;ਚ ਮਿੱਟੀ ਦੀਆਂ ਬੋਰੀਆਂ ਭਰਕੇ ਪਾੜ ਪੂਰ ਰਹੇ ਹਨ | ਸ਼ਾਇਦ ਹੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੋਵੇ |