ਚੰਡੀਗੜ੍ਹ, 10 ਫਰਵਰੀ 2025: IND vs ENG: ਕਟਕ ਦੇ ਇਤਿਹਾਸਕ ਬਾਰਾਬਤੀ ਸਟੇਡੀਅਮ (Barabati Stadium) ‘ਚ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਇੱਕ ਰੋਜ਼ਾ ਮੈਚ ਫਲੱਡ ਲਾਈਟਾਂ ‘ਚ ਖਰਾਬੀ ਕਾਰਨ ਲਗਭਗ 30 ਮਿੰਟਾਂ ਲਈ ਰੁਕਿਆ ਰਿਹਾ। ਇਸ ਬਾਰੇ ਖੇਡ ਮੰਤਰੀ ਸੂਰਿਆਵੰਸ਼ੀ ਸੂਰਜ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਉੜੀਸਾ ਕ੍ਰਿਕਟ ਐਸੋਸੀਏਸ਼ਨ (ਓਸੀਏ) ਤੋਂ ਸਪੱਸ਼ਟੀਕਰਨ ਮੰਗੇਗੀ।
ਸੂਰਜ ਇਸ ਦੌਰਾਨ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਹੋਰ ਸੀਨੀਅਰ ਮੰਤਰੀਆਂ ਦੇ ਨਾਲ ਸਟੇਡੀਅਮ (Barabati Stadium) ‘ਚ ਮੌਜੂਦ ਸੀ। ਉਨ੍ਹਾਂ ਕਿਹਾ, ‘ਫਲੱਡ ਲਾਈਟਾਂ ਦੀ ਸਮੱਸਿਆ ਬਾਰੇ ਓਸੀਏ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ।’ ਇਹ ਘਟਨਾ ਓਸੀਏ ਵੱਲੋਂ ਸਾਰੀਆਂ ਸਾਵਧਾਨੀਆਂ ਵਰਤਣ ਅਤੇ ਵਿਆਪਕ ਪਹਿਲਾਂ ਤੋਂ ਪ੍ਰਬੰਧ ਕਰਨ ਦੇ ਬਾਵਜੂਦ ਵਾਪਰੀ।
ਹਾਲਾਂਕਿ, ਓਸੀਏ ਸਕੱਤਰ ਸੰਜੇ ਬੇਹਰਾ ਨੇ ਕਿਹਾ ਕਿ ਹਰੇਕ ਫਲੱਡ ਲਾਈਟ ਟਾਵਰ ਦੋ ਜਨਰੇਟਰਾਂ ਨਾਲ ਜੁੜਿਆ ਹੋਇਆ ਸੀ। ਬੇਹਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ “ਜਦੋਂ ਇੱਕ ਜਨਰੇਟਰ ਖਰਾਬ ਹੋ ਗਿਆ, ਤਾਂ ਅਸੀਂ ਦੂਜਾ ਚਾਲੂ ਕਰ ਦਿੱਤਾ ਪਰ ਜਨਰੇਟਰ ਨੂੰ ਹਟਾਉਣ ‘ਚ ਕੁਝ ਸਮਾਂ ਲੱਗਿਆ ਕਿਉਂਕਿ ਖਿਡਾਰੀਆਂ ਦਾ ਵਾਹਨ ਟਾਵਰ ਅਤੇ ਦੂਜੇ ਜਨਰੇਟਰ ਦੇ ਵਿਚਕਾਰ ਖੜ੍ਹਾ ਸੀ।”
ਇਸ ਦੌਰਾਨ, ਸਟੇਡੀਅਮ ਵਿੱਚ ਮੌਜੂਦ ਬਾਰਾਬਾਤੀ-ਕਟਕ ਤੋਂ ਕਾਂਗਰਸ ਵਿਧਾਇਕ ਸੋਫੀਆ ਫਿਰਦੌਸ ਨੇ ਫਲੱਡ ਲਾਈਟਾਂ ‘ਚ ਨੁਕਸ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘ਬਾਰਾਬਾਤੀ ਸਟੇਡੀਅਮ ‘ਚ ਜੋ ਵੀ ਹੋਇਆ ਉਹ ਬਹੁਤ ਹੀ ਮੰਦਭਾਗਾ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਭਾਰਤ ਨੇ ਦੂਜੇ ਵਨਡੇ ਮੈਚ ਵਿੱਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 2-0 ਦੀ ਜੇਤੂ ਬੜ੍ਹਤ ਬਣਾ ਲਈ ਹੈ। ਕਟਕ ਦੇ ਬਾਰਾਬਤੀ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੇ ਇੰਗਲੈਂਡ ਨੇ ਬੇਨ ਡਕੇਟ ਅਤੇ ਜੋ ਰੂਟ ਦੀ ਅਰਧ-ਸੈਂਕੜਾ ਪਾਰੀ ਦੀ ਬਦੌਲਤ 49.5 ਓਵਰਾਂ ਵਿੱਚ 10 ਵਿਕਟਾਂ ‘ਤੇ 304 ਦੌੜਾਂ ਬਣਾਈਆਂ।
ਜਵਾਬ ਵਿੱਚ, ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ 44.3 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 308 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਦੋਵਾਂ ਟੀਮਾਂ ਵਿਚਕਾਰ ਤੀਜਾ ਮੈਚ 12 ਫਰਵਰੀ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਇਸ ਮੈਚ’ਚ, ਭਾਰਤੀ ਟੀਮ ਜਿੱਤ ਨਾਲ ਇੰਗਲੈਂਡ ਨੂੰ ਵਾਈਟਵਾਸ਼ ਕਰਨ ਦੇ ਟੀਚੇ ਨਾਲ ਉਤਰੇਗੀ। ਦੂਜੇ ਮੈਚ ‘ਚ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਜੜਿਆ |
Read More: IND vs ENG: ਇੰਗਲੈਂਡ ਖ਼ਿਲਾਫ ਵਨਡੇ ਮੈਚ ‘ਚ ਰਵਿੰਦਰ ਜਡੇਜਾ ਤੇ ਹਰਸ਼ਿਤ ਰਾਣਾ ਨੇ ਬਣਾਏ ਰਿਕਾਰਡ