Tamil Nadu

ਭਾਰੀ ਮੀਂਹ ਕਾਰਨ ਤਾਮਿਲਨਾਡੂ ‘ਚ ਬਣੀ ਹੜ੍ਹ ਦੀ ਸਥਿਤੀ, ਲੋਕਾਂ ਦੇ ਘਰਾਂ ‘ਚ ਭਰਿਆ ਪਾਣੀ

ਚੰਡੀਗੜ੍ਹ, 18 ਦਸੰਬਰ 2023: ਤਾਮਿਲਨਾਡੂ (Tamil Nadu) ਅਜੇ ਤੱਕ ਚੱਕਰਵਾਤੀ ਤੂਫਾਨ ਮਿਚੌਂਗ ਦੇ ਪ੍ਰਭਾਵਾਂ ਤੋਂ ਉਭਰ ਨਹੀਂ ਸਕਿਆ ਹੈ। ਇਸ ਦੌਰਾਨ ਸੂਬੇ ‘ਚ ਇਕ ਵਾਰ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਐਤਵਾਰ ਦੇਰ ਰਾਤ ਤੋਂ ਸੋਮਵਾਰ ਤੜਕੇ ਤੱਕ ਪਏ ਮੀਂਹ ਨੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਖਾਸ ਕਰਕੇ ਥੂਥੂਕੁੜੀ ਵਿੱਚ ਸੜਕਾਂ ਅਤੇ ਇੱਥੋਂ ਤੱਕ ਕਿ ਲੋਕਾਂ ਦੇ ਘਰ ਵੀ ਪਾਣੀ ਨਾਲ ਭਰੇ ਹੋਏ ਦੇਖੇ ਗਏ।

ਤਾਮਿਲਨਾਡੂ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਨ੍ਹਾਂ ਵਿੱਚ ਤਿਰੂਨੇਲਵੇਲੀ, ਤੂਤੀਕੋਰਿਨ, ਟੇਨਕਾਸੀ ਅਤੇ ਕੰਨਿਆਕੁਮਾਰੀ ਜ਼ਿਲ੍ਹੇ ਸ਼ਾਮਲ ਹਨ। ਕੰਨਿਆਕੁਮਾਰੀ ‘ਚ ਇਨ੍ਹਾਂ 15 ਘੰਟਿਆਂ ‘ਚ 17.3 ਸੈਂਟੀਮੀਟਰ ਬਾਰਿਸ਼ ਹੋਈ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਡੈਮਾਂ ਤੋਂ ਵੀ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ਕੰਢੇ ਤੱਕ ਭਰ ਗਈਆਂ ਹਨ। ਇਸ ਨਾਲ ਜੁੜੀਆਂ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਘਰਾਂ ‘ਚ ਪਾਣੀ ਭਰਿਆ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਡੈਮਾਂ ਤੋਂ ਪਾਣੀ ਛੱਡਣ ਅਤੇ ਜਨ-ਜੀਵਨ ਦਾ ਖਿਆਲ ਰੱਖਣ ਸਬੰਧੀ ਸੁਚੇਤ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਐਤਵਾਰ ਨੂੰ ਤਾਮਿਲਨਾਡੂ (Tamil Nadu) ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਤੱਕ ਤਾਮਿਲਨਾਡੂ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤਾਮਿਲਨਾਡੂ ਸਰਕਾਰ ਨੇ ਭਾਰੀ ਮੀਂਹ ਕਾਰਨ 18 ਦਸੰਬਰ ਨੂੰ ਤਿਰੂਨੇਲਵੇਲੀ, ਥੂਥੂਕੁਡੀ, ਕੰਨਿਆਕੁਮਾਰੀ ਅਤੇ ਟੇਨਕਾਸੀ ਜ਼ਿਲ੍ਹਿਆਂ ਵਿੱਚ ਸਾਰੇ ਸਕੂਲਾਂ, ਕਾਲਜਾਂ, ਨਿੱਜੀ ਸੰਸਥਾਵਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ।

Scroll to Top