Flood

ਦੇਸ਼ ਦੇ 8 ਸੂਬਿਆਂ ‘ਚ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ, ਅਮਰਨਾਥ ਯਾਤਰਾ ਦੂਜੇ ਦਿਨ ਵੀ ਮੁਅੱਤਲ

ਚੰਡੀਗੜ੍, 08 ਜੁਲਾਈ 2023: ਦੇਸ਼ ਦੇ 8 ਸੂਬਿਆਂ ‘ਚ ਭਾਰੀ ਬਾਰਿਸ਼ ਕਾਰਨ ਹੜ੍ਹ (Flood) ਵਰਗੀ ਸਥਿਤੀ ਬਣ ਗਈ ਹੈ। ਇਨ੍ਹਾਂ ਵਿੱਚ ਅਸਾਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਕੇਰਲ, ਤੱਟਵਰਤੀ ਗੋਆ-ਕਰਨਾਟਕ ਅਤੇ ਨਾਗਾਲੈਂਡ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ। ਕਰਨਾਟਕ ‘ਚ ਬਾਰਿਸ਼ ਕਾਰਨ ਹੁਣ ਤੱਕ 4 ਜਣਿਆਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਉੱਤਰਾਖੰਡ ਵਿੱਚ 154 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਸਾਮ ਦੇ 6 ਜ਼ਿਲ੍ਹਿਆਂ ਦੇ 121 ਪਿੰਡਾਂ ਦੇ ਕਰੀਬ 22 ਹਜ਼ਾਰ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ।

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਤੱਕ ਉੱਤਰੀ ਭਾਰਤ ਵਿੱਚ ਭਾਰੀ ਬਾਰਿਸ਼ ਹੋਵੇਗੀ। ਜੰਮੂ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 8-9 ਜੁਲਾਈ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਦੱਖਣੀ ਕਸ਼ਮੀਰ ‘ਚ ਖ਼ਰਾਬ ਮੌਸਮ ਕਾਰਨ ਸ਼੍ਰੀ ਅਮਰਨਾਥ ਯਾਤਰਾ ਨੂੰ ਲਗਾਤਾਰ ਦੂਜੇ ਦਿਨ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਹੁਣ ਤੱਕ 84 ਹਜ਼ਾਰ 768 ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।

ਦੂਜੇ ਪਾਸੇ ਬਦਰੀਨਾਥ ਨੈਸ਼ਨਲ ਹਾਈਵੇ ‘ਤੇ ਛਿਨਕਾ ਨੇੜੇ ਢਿੱਗਾਂ ਡਿੱਗਣ ਕਾਰਨ ਸੜਕ ਬੰਦ ਹੋ ਗਈ। ਹਾਲਾਂਕਿ ਸ਼ੁੱਕਰਵਾਰ ਸ਼ਾਮ ਨੂੰ 5 ਘੰਟੇ ਬਾਅਦ ਇਸ ਨੂੰ ਖੋਲ੍ਹਿਆ ਦਿੱਤੋ ਗਿਆ। ਕੇਰਲ ਦੇ ਮਲੱਪੁਰਮ, ਵਾਇਨਾਡ, ਕੰਨੂਰ ਅਤੇ ਕਾਸਰਗੋਡ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Scroll to Top