ਰੋਪੜ, 19 ਅਗਸਤ 2025: ਮੰਗਲਵਾਰ ਨੂੰ ਰੋਪੜ ਦੇ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ । ਡੈਮ ਦੇ ਦੋ ਫਲੱਡ ਗੇਟ ਦੋ ਫੁੱਟ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ‘ਚੋਂ ਸਾਢੇ ਸੱਤ ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਟਰਬਾਈਨਾਂ ਰਾਹੀਂ 36,500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਲਗਭਗ 45,000 ਕਿਊਸਿਕ ਪਾਣੀ ਛੱਡਿਆ ਗਿਆ ਹੈ।
ਰੂਪਨਗਰ ਦੇ ਡੀਸੀ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਛੱਡੇ ਗਏ ਪਾਣੀ ‘ਚੋਂ ਲਗਭੱਗ 23,000 ਕਿਊਸਿਕ ਨਹਿਰਾਂ ‘ਚ ਜਾਵੇਗਾ। ਲਗਭੱਗ 22,000 ਕਿਊਸਿਕ ਪਾਣੀ ਸਤਲੁਜ ਦਰਿਆ ‘ਚ ਰਹੇਗਾ। ਇਹ ਕਦਮ ਸਾਵਧਾਨੀ ਵਜੋਂ ਚੁੱਕਿਆ ਗਿਆ ਹੈ। ਜੇਕਰ ਹਿਮਾਚਲ ਪ੍ਰਦੇਸ਼ ‘ਚ ਹੋਰ ਮੀਂਹ ਪੈਂਦਾ ਹੈ ਤਾਂ ਪਾਣੀ ਦੀ ਸਥਿਤੀ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਵਾਲੀਆ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜ਼ਿਲ੍ਹੇ ‘ਚ ਇਸ ਵੇਲੇ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ। ਪ੍ਰਸ਼ਾਸਨ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਡੈਮ ਤੋਂ ਪਾਣੀ ਛੱਡਣਾ ਇੱਕ ਆਮ ਪ੍ਰਕਿਰਿਆ ਹੈ। ਇਸਦਾ ਉਦੇਸ਼ ਹੇਠਲੇ ਇਲਾਕਿਆਂ ਦੀ ਰੱਖਿਆ ਕਰਨਾ ਅਤੇ ਪਾਣੀ ਦੇ ਪੱਧਰ ਨੂੰ ਸੰਤੁਲਿਤ ਰੱਖਣਾ ਹੈ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਸਥਿਤੀ ‘ਚ ਕੋਈ ਬਦਲਾਅ ਆਉਂਦਾ ਹੈ ਤਾਂ ਲੋਕਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ।
Read More: ਚਨਾਬ ਨਦੀ ‘ਤੇ ਸਲਾਲ ਡੈਮ ਦੇ ਸਾਰੇ ਗੇਟ ਬੰਦ, ਨਦੀ ਦੇ ਪਾਣੀ ਦਾ ਪੱਧਰ ਘਟਿਆ