Bhakra Dam

ਭਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਤੱਕ ਖੋਲ੍ਹੇ, ਪੰਜਾਬ ਸਰਕਾਰ ਨੇ ਫੌਜ ਤੋਂ ਮੰਗੀ ਮੱਦਦ

ਚੰਡੀਗੜ੍ਹ, 16 ਅਗਸਤ 2023: ਪੰਜਾਬ ਦੇ ਚਾਰ ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਕਪੂਰਥਲਾ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਚੁੱਕਾ ਹੈ, ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਹੋ ਗਏ ਹਨ । ਸਤਲੁਜ ਦਰਿਆ ‘ਤੇ ਬਣੇ ਭਾਖੜਾ ਡੈਮ (Bhakra Dam) ਅਤੇ ਬਿਆਸ ਦਰਿਆ ‘ਤੇ ਬਣੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਇਹ ਸਥਿਤੀ ਪੈਦਾ ਹੋਈ ਹੈ।

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਭਾਖੜਾ ਡੈਮ (Bhakra Dam) ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ। ਜਿਸ ਤੋਂ ਬਾਅਦ ਅੱਜ ਡੈਮ ਦੇ ਗੇਟ 8-8 ਫੁੱਟ ਖੋਲ੍ਹ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 4 ਤੋਂ 5 ਦਿਨ ਤੱਕ ਫਲੱਡ ਗੇਟ ਖੁੱਲ੍ਹੇ ਰਹਿਣਗੇ | ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਬੀ.ਬੀ.ਐੱਮ.ਬੀ ਮੁਤਾਬਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1677 ਫੁੱਟ ਹੈ | ਪਾਣੀ ਛੱਡਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਦੱਸਿਆ ਗਿਆ ਸੀ| ਬੀ.ਬੀ.ਐੱਮ.ਬੀ ਮੁਤਾਬਕ ਭਾਖੜਾ ਡੈਮ ‘ਚੋਂ ਪੂਰੇ ਕੰਟਰੋਲ ਨਾਲ ਪਾਣੀ ਛੱਡ ਰਹੇ ਹਾਂ | ਉਨ੍ਹਾਂ ਕਿਹਾ ਚਾਰ ਤੋਂ ਪੰਜ ਦਿਨ ਤੱਕ ਭਾਖੜਾ ਡੈਮ ਦੇ ਪਾਣੀ ਨੂੰ ਕੰਟਰੋਲ ਕਰ ਲਿਆ ਜਾਵੇਗਾ |

ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਿਹਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਟਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣ ਗਏ ਹਨ। ਤਾਜ਼ਾ ਹਲਾਤ ਅਨੁਸਾਰ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਬੇਲਾ ਸਰਿਆਣਾ ਸਮੇਤ ਕੁਝ ਪਿੰਡ ਖਾਲੀ ਕਰਵਾਏ ਜਾ ਰਹੇ ਹਨ।

ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਬਚਾਅ ਲਈ ਫੌਜ ਤੋਂ ਮਦਦ ਮੰਗੀ ਹੈ। ਇਸ ਦੇ ਲਈ ਰੋਪੜ ਵਿੱਚ ਹੈਲੀਪੈਡ ਵੀ ਬਣਾਇਆ ਗਿਆ ਹੈ। NDRF ਪਹਿਲਾਂ ਹੀ ਬਚਾਅ ਕੰਮ ‘ਚ ਜੁਟੀ ਹੋਈ ਹੈ।

 

Scroll to Top