ਆਲਮਗੀਰ (ਡੇਰਾਬੱਸੀ), 11 ਜੁਲਾਈ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਘੱਗਰ ਦੇ ਆਲਮਗੀਰ ਬੰਨ੍ਹ ਚ ਪਏ ਪਾੜ ਨੂੰ ਜਲਦੀ ਹੀ ਮੁਰੰਮਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਪਾਣੀ ਘੱਟਣਾ ਸ਼ੁਰੂ ਹੋ ਗਿਆ ਹੈ। ਹੁਣ ਸਿਰਫ਼ ਖੇਤ ਹੀ ਹੜ੍ਹ ਦੇ ਪਾਣੀ ਵਿੱਚ ਡੁੱਬੇ ਹੋਏ ਹਨ ਜਦੋਂ ਕਿ ਘਰ ਸੁਰੱਖਿਅਤ ਹਨ। ਉਹ ਐਸ ਐਸ ਪੀ ਡਾ: ਸੰਦੀਪ ਗਰਗ, ਏ.ਡੀ.ਸੀ (ਯੂ ਡੀ) ਦਮਨਦੀਪ ਸਿੰਘ ਮਾਨ ਅਤੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਨਾਲ ਪਾਣੀ ਵਿੱਚ ਘਿਰੇ ਪਿੰਡ ਖਜੂਰ ਮੰਡੀ ਦੇ ਲੋਕਾਂ ਨੂੰ ਟਰੈਕਟਰ ਤੇ ਜਾ ਕੇ ਮਿਲ ਕੇ ਆਏ ਅਤੇ ਹੌਂਸਲਾ ਦਿੱਤਾ।
ਐਸ ਐਸ ਪੀ ਡਾ: ਸੰਦੀਪ ਗਰਗ, ਏ ਡੀ ਸੀ (ਯੂਡੀ) ਦਮਨਦੀਪ ਸਿੰਘ ਮਾਨ ਅਤੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਦੇ ਨਾਲ ਆਲਮਗੀਰ, ਸਰਸੀਣੀ ਤੇ ਖਜੂਰ ਮੰਡੀ ਦੇ ਹੜ੍ਹ (Flood) ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਨੇੜਲੇ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਦੇ ਡੁੱਬਣ ਤੋਂ ਬਿਨਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਬੰਨ੍ਹ ਦੀ ਹਾਲਤ ਅਤੇ ਘੱਗਰ ਵਿੱਚ ਪਾਣੀ ਵਧਣ ਤੋਂ ਪੈਦਾ ਹਲਾਤਾਂ ਬਾਰੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪਾਣੀ ਦੇ ਵਧਦੇ ਵਹਾਅ ਕਾਰਨ ਸੰਭਾਵਿਤ ਪਾੜ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਪਿਛਲੇ ਤਿੰਨ ਦਿਨਾਂ ਤੋਂ ਅਨਾਉਂਸਮੈਂਟ ਕੀਤੀ ਜਾ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸੇ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਪਹਿਲਾਂ ਤੋਂ ਹੀ ਸਾਵਧਾਨ ਸਨ ਅਤੇ ਪ੍ਰਸ਼ਾਸਨ ਦੇ ਤਾਲਮੇਲ ਨਾਲ ਸਾਰੇ ਲੋਕਾਂ ਨੂੰ ਸਮੇਂ ਸਿਰ ਬਚਾ ਲਿਆ ਗਿਆ। ਇਨ੍ਹਾਂ ਕੁੱਝ ਨੀ ਲਾਲੜੂ ਵਿਖੇ ਬਣਾਏ ਰਾਹਤ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਦਕਿ ਕੁੱਝ ਨੇ ਆਪਣੇ ਪਿੰਡਾਂ ਵਿੱਚ ਸੁਰੱਖਿਅਤ ਥਾਵਾਂ ‘ਤੇ ਰਹਿਣ ਨੂੰ ਤਰਜੀਹ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪਾੜ ਕਾਰਨ ਆਲਮਗੀਰ ਦੇ ਨੇੜਲੇ ਪਿੰਡ ਸਾਧਾਂਵਾਲਾ, ਡੰਡੇਹਰਾ, ਖਜੂਰ ਮੰਡੀ, ਟਿਵਾਣਾ, ਬਹੋਰਾ ਅਤੇ ਬਹੋਰੀ ਆਦਿ ਵੀ ਪ੍ਰਭਾਵਿਤ ਹੋਏ ਹਨ। ਆਲਮਗੀਰ, ਸਰਸੀਣੀ ਅਤੇ ਖਜੂਰ ਮੰਡੀ ਦਾ ਦੌਰਾ ਕਰਦੇ ਹੋਏ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਤਾਂ ਸਥਿਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਟਿਵਾਣਾ ਬੰਨ੍ਹ ਦੀ ਮਜ਼ਬੂਤੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਪਿਛਲੇ ਕੁਝ ਦਿਨਾਂ ਤੋਂ ਉਥੇ ਡੇਰੇ ਲਾਏ ਹੋਏ ਹਨ।
ਐੱਨ.ਡੀ.ਆਰ.ਐੱਫ. ਅਤੇ ਆਰਮੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਬਚਾਉਣ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਡੀ ਸੀ ਆਸ਼ਿਕਾ ਜੈਨ ਨੇ ਕਿਹਾ ਕਿ ਅਸਲ ‘ਚ ਐੱਨ.ਡੀ.ਆਰ.ਐੱਫ. ਅਤੇ ਫੌਜ ਦੇ ਜਵਾਨਾਂ ਨੇ ਜ਼ਿਲ੍ਹੇ ਦੇ ਹੋਰਨਾਂ ਥਾਵਾਂ ਜਿਵੇਂ ਰਕੋਲੀ, ਰੁੜਕਾ, ਗੁਲਮੋਹਰ ਸਿਟੀ ਐਕਸਟੈਂਸ਼ਨ ਡੇਰਾਬੱਸੀ, ਛੱਤਬੀੜ ਦੇ ਬਾਹਰ ਅਤੇ ਹੋਰ ਖੇਤਰਾਂ ਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਪ੍ਰਸ਼ਾਸਨ ਨੂੰ ਮਿਸਾਲੀ ਸਹਿਯੋਗ ਦਿੱਤਾ ਹੈ।
ਉਨ੍ਹਾਂ ਇੱਥੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਮਾਲ ਅਤੇ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ।
ਉਨ੍ਹਾਂ ਨੇ ਕਿਹਾ ਕਿ ਐਨ ਡੀ ਆਰ ਐਫ਼ ਅਤੇ ਫੌਜ ਦੇ ਜਵਾਨ ਹਾਲਾਤ ਆਮ ਵਾਂਗ ਹੋਣ ਤੱਕ ਇੱਥੇ ਰਹਿਣਗੇ। ਉਨ੍ਹਾਂ ਕਿਹਾ ਕਿ ਸੜਕਾਂ ਪਾਣੀ ਨਾਲ ਭਰੀਆਂ ਹੋਣ ਕਾਰਨ, ਪਾਣੀ ਦਾ ਪੱਧਰ ਘਟਣ ਤੋਂ ਬਾਅਦ ਆਵਾਜਾਈ ਨੂੰ ਮੁੜ ਚਾਲੂ ਕੀਤਾ ਜਾਵੇਗਾ। ਉਦੋਂ ਤੱਕ ਰਾਹਤ ਅਤੇ ਮੈਡੀਕਲ ਸੇਵਾਵਾਂ ਟਰੈਕਟਰਾਂ ਰਾਹੀਂ ਉਪਲਬਧ ਕਰਵਾਈਆਂ ਜਾਣਗੀਆਂ।
ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਵਿੱਚ ਪੂਰੀ ਤਨਦੇਹੀ ਨਾਲ ਸਹਿਯੋਗ ਕਰਨ ਤਾਂ ਜੋ ਬਚਾਅ ਕਾਰਜਾਂ ਵਿੱਚ ਮਾਨਵੀ ਸ਼ਕਤੀ ਦੀ ਕਮੀ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਸਥਿਤੀ ‘ਤੇ ਨਜ਼ਰ ਰੱਖਣ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਨਾਲ ਹੋਰ ਬਚਾਅ ਅਤੇ ਰਾਹਤ ਕਾਰਜਾਂ ‘ਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਡੀ.ਸੀ ਆਸ਼ਿਕਾ ਜੈਨ, ਐਸ ਐਸ ਪੀ ਗਰਗ, ਏ ਡੀ ਸੀ ਮਾਨ ਅਤੇ ਐਸ ਡੀ ਐਮ ਹਿਮਾਂਸ਼ੂ ਨੇ ਵੀ ਟਰੈਕਟਰ ਰਾਹੀਂ ਪਾਣੀ ਨਾਲ ਭਰੇ ਖੇਤਰ ਦਾ ਦੌਰਾ ਕੀਤਾ ਅਤੇ ਪਾਣੀ ਨਾਲ ਘਿਰੇ ਪਿੰਡ ਸਿਰਸੀਣੀ ਦੇ ਸਰਪੰਚ ਤੇ ਖਜੂਰ ਮੰਡੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਅਤੇ ਨਾਇਬ ਤਹਿਸੀਲਦਾਰ ਹਰਿੰਦਰ ਜੀਤ ਸਿੰਘ, ਬੀ ਡੀ ਪੀ ਓ ਰਵਨੀਤ ਕੌਰ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਡਰੇਨੇਜ ਰਜਤ ਗਰੋਵਰ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਮੇਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਪਾਣੀ ਘਟਣ ਤੋਂ ਬਾਅਦ ਉਨ੍ਹਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਉਣ ਦਾ ਵਿਸ਼ਵਾਸ਼ ਵੀ ਦਿਵਾਇਆ।