ਚੰਡੀਗੜ੍, 27 ਅਪ੍ਰੈਲ 2023: ਸੂਡਾਨ ਤੋਂ 246 ਭਾਰਤੀਆਂ ਨੂੰ ਲੈ ਕੇ ਇਕ ਹੋਰ ਫਲਾਈਟ ‘ਆਪ੍ਰੇਸ਼ਨ ਕਾਵੇਰੀ’ (Operation Kaveri) ਦੇ ਤਹਿਤ ਮੁੰਬਈ ਪਹੁੰਚੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਵੀਰਵਾਰ ਨੂੰ ਕਿਹਾ ਕਿ ਸੂਡਾਨ ਵਿੱਚ ਸਥਿਤੀ ਬਹੁਤ ਗੁੰਝਲਦਾਰ ਅਤੇ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਭਾਰਤ ਦਾ ਟੀਚਾ ਉਸ ਦੇਸ਼ ਵਿੱਚ ਫਸੇ ਹਰ ਭਾਰਤੀ ਨੂੰ ਖ਼ਤਰੇ ਤੋਂ ਬਾਹਰ ਕੱਢਣਾ ਹੈ। ‘ਆਪ੍ਰੇਸ਼ਨ ਕਾਵੇਰੀ’ ਬਾਰੇ ਵੇਰਵੇ ਦਿੰਦੇ ਹੋਏ, ਕਵਾਤਰਾ ਨੇ ਕਿਹਾ ਕਿ ਲਗਭਗ 1,700 ਤੋਂ 2,000 ਭਾਰਤੀ ਨਾਗਰਿਕਾਂ ਨੂੰ ਸੰਘਰਸ਼ ਵਾਲੇ ਖੇਤਰਾਂ ਤੋਂ ਬਾਹਰ ਕੱਢਿਆ ਗਿਆ ਹੈ।
ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਸੂਡਾਨ ਅਤੇ ਦੋ ਜੰਗੀ ਧੜਿਆਂ ਦੇ ਸੰਪਰਕ ਵਿੱਚ ਹੈ। ਅਸੀਂ ਸਬੰਧਤ ਧਿਰਾਂ ਤੋਂ ਸਕਾਰਾਤਮਕ ਫੀਡਬੈਕ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਯੋਗ ਹੋ ਗਏ ਹਾਂ, ਕਿਉਂਕਿ ਉਹ ਸਮਝਦੇ ਹਨ ਕਿ ਨਵੀਂ ਦਿੱਲੀ ਖਾਰਤੁਮ ਦੇ ਨਾਲ ਬਹੁਤ ਮਜ਼ਬੂਤ ਵਿਕਾਸ ਸਾਂਝੇਦਾਰੀ ਸਾਂਝੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਐਸਏਐਫ (ਸੂਡਾਨੀ ਆਰਮਡ ਫੋਰਸਿਜ਼) ਅਤੇ ਆਰਐਸਐਫ (ਰੈਪਿਡ ਸਪੋਰਟ ਫੋਰਸ) ਦੋਵਾਂ ਦੇ ਸੰਪਰਕ ਵਿੱਚ ਹਾਂ। । ਅਸੀਂ ਭਾਰਤੀਆਂ ਨੂੰ ਸੁਰੱਖਿਅਤ ਖੇਤਰਾਂ ਅਤੇ ਫਿਰ ਪੋਰਟ ਸੂਡਾਨ ਲਿਜਾਣ ਲਈ ਸਾਰੀਆਂ ਧਿਰਾਂ ਦੇ ਸੰਪਰਕ ਵਿੱਚ ਹਾਂ।