ਏਸ਼ੀਆ ਕੱਪ 2025

ਏਸ਼ੀਆ ਕੱਪ ‘ਚ ਭਾਰਤੀ ਟੀਮ ਦੇ 5 ਰਿਕਾਰਡ, ਜਿਨ੍ਹਾਂ ਨੂੰ ਤੋੜਨਾ ਕਿਸੇ ਵੀ ਟੀਮ ਲਈ ਬੇਹੱਦ ਮੁਸ਼ਕਿਲ

ਸਪੋਰਟਸ, 05 ਸਤੰਬਰ 2025: Asia Cup 2025: ਏਸ਼ੀਆ ਕੱਪ 2025 ਸ਼ੁਰੂ ਹੋਣ ‘ਚ ਕੁਝ ਹੀ ਸਮਾਂ ਬਾਕੀ ਹੈ। 1984 ‘ਚ ਸ਼ੁਰੂ ਹੋਇਆ ਇਹ ਏਸ਼ੀਆ ਕੱਪ ਇਸ ਸਾਲ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ। ਭਾਰਤ ਹੁਣ ਤੱਕ ਅੱਠ ਵਾਰ ਚੈਂਪੀਅਨ ਬਣ ਚੁੱਕਾ ਹੈ ਅਤੇ ਕੁੱਲ 11 ਵਾਰ ਫਾਈਨਲ ਦਾ ਹਿੱਸਾ ਰਿਹਾ ਹੈ। ਭਾਰਤੀ ਟੀਮ ਇਸ ਵਾਰ ਆਪਣੀ ਮੁਹਿੰਮ ਦੀ ਸ਼ੁਰੂਆਤ 10 ਸਤੰਬਰ ਨੂੰ ਯੂਏਈ ਖਿਲਾਫ਼ ਕਰੇਗੀ। ਇਸ ਦੇ ਨਾਲ ਹੀ ਭਾਰਤੀ ਟੀਮ 14 ਸਤੰਬਰ ਨੂੰ ਪਾਕਿਸਤਾਨ ਨਾਲ ਭਿੜੇਗੀ।

ਇਹ ਏਸ਼ੀਆ ਕੱਪ ਟੀ-20 ਦਾ ਤੀਜਾ ਐਡੀਸ਼ਨ ਹੈ, ਇਸ ਤੋਂ ਪਹਿਲਾਂ ਇਹ ਟੂਰਨਾਮੈਂਟ 2016 ਅਤੇ 2022 ‘ਚ ਖੇਡਿਆ ਗਿਆ ਸੀ। 2016 ‘ਚ ਭਾਰਤੀ ਟੀਮ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਚੈਂਪੀਅਨ ਬਣੀ ਸੀ, ਜਦੋਂ ਕਿ 2022 ‘ਚ ਸ਼੍ਰੀਲੰਕਾ ਨੇ ਖਿਤਾਬ ‘ਤੇ ਕਬਜ਼ਾ ਕੀਤਾ ਸੀ।

1. ਦੌੜਾਂ ਦੇ ਫਰਕ ਨਾਲ ਸਭ ਤੋਂ ਵੱਡੀ ਜਿੱਤ

ਭਾਰਤ ਦੇ ਕੋਲ ਏਸ਼ੀਆ ਕੱਪ ਦੇ ਇਤਿਹਾਸ ‘ਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਵੀ ਹੈ। ਸਾਲ 2008 ‘ਚ ਭਾਰਤੀ ਟੀਮ ਨੇ ਹਾਂਗਕਾਂਗ ਨੂੰ 256 ਦੌੜਾਂ ਨਾਲ ਹਰਾਇਆ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਫਰਕ ਹੈ। ਇਹ ਰਿਕਾਰਡ ਪਿਛਲੇ 17 ਸਾਲਾਂ ਤੋਂ ਭਾਰਤੀ ਟੀਮ ਕੋਲ ਹੈ ਅਤੇ ਹੁਣ ਤੱਕ ਕੋਈ ਵੀ ਟੀਮ ਇਸਨੂੰ ਤੋੜਨ ਦੇ ਨੇੜੇ ਨਹੀਂ ਪਹੁੰਚੀ ਹੈ।

2. ਲਗਾਤਾਰ ਤਿੰਨ ਵਾਰ ਏਸ਼ੀਆ ਕੱਪ ਜਿੱਤਣ ਦਾ ਕਾਰਨਾਮਾ

ਭਾਰਤ ਦੇ ਕੋਲ ਏਸ਼ੀਆ ਕੱਪ ਲਗਾਤਾਰ ਜਿੱਤਣ ਦਾ ਸਭ ਤੋਂ ਖਾਸ ਰਿਕਾਰਡ ਵੀ ਹੈ। ਭਾਰਤੀ ਟੀਮ ਨੇ 1988, 1990/91 ਅਤੇ 1995 ‘ਚ ਲਗਾਤਾਰ ਤਿੰਨ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਸ਼੍ਰੀਲੰਕਾ ਨੇ ਇਹ ਖਿਤਾਬ ਲਗਾਤਾਰ ਦੋ ਵਾਰ (2004 ਅਤੇ 2008) ਜਿੱਤਿਆ, ਪਰ ਤਿੰਨ ਵਾਰ ਹੈਟ੍ਰਿਕ ਦਾ ਕਾਰਨਾਮਾ ਨਹੀਂ ਕਰ ਸਕੀ।

3. ਘੱਟ ਤੋਂ ਘੱਟ ਗੇਂਦਾਂ ‘ਚ ਫਾਈਨਲ ਜਿੱਤਣ ਦਾ ਰਿਕਾਰਡ

ਏਸ਼ੀਆ ਕੱਪ 2023 ਦਾ ਫਾਈਨਲ ਕ੍ਰਿਕਟ ਇਤਿਹਾਸ ਦਾ ਸਭ ਤੋਂ ਯਾਦਗਾਰੀ ਮੈਚ ਬਣ ਗਿਆ। ਸ਼੍ਰੀਲੰਕਾਈ ਟੀਮ ਸਿਰਫ਼ 50 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ ਇਹ ਟੀਚਾ ਸਿਰਫ਼ 37 ਗੇਂਦਾਂ ‘ਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। ਇਹ ਰਿਕਾਰਡ ਘੱਟੋ-ਘੱਟ ਗੇਂਦਾਂ ‘ਚ ਫਾਈਨਲ ਮੈਚ ਜਿੱਤਣ ਦਾ ਹੈ ਅਤੇ ਕਿਸੇ ਵੀ ਟੀਮ ਲਈ ਇਸਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਹੋਵੇਗਾ।

4. ਰੋਹਿਤ ਸ਼ਰਮਾ ਦੇ ਸਭ ਤੋਂ ਵੱਧ ਛੱਕੇ

ਭਾਰਤੀ ਕਪਤਾਨ ਰੋਹਿਤ ਸ਼ਰਮਾ ਏਸ਼ੀਆ ਕੱਪ ਵਿੱਚ ਛੱਕਿਆਂ ਦੇ ਮਾਮਲੇ ‘ਚ ਸਭ ਤੋਂ ਅੱਗੇ ਹੈ। ਰੋਹਿਤ ਵਨਡੇ ਫਾਰਮੈਟ ਦੇ ਏਸ਼ੀਆ ਕੱਪ ‘ਚ ਕੁੱਲ 28 ਛੱਕੇ ਮਾਰੇ ਹਨ। ਇਹ ਅੰਕੜਾ ਬਾਕੀ ਏਸ਼ੀਆਈ ਬੱਲੇਬਾਜ਼ਾਂ ਤੋਂ ਬਹੁਤ ਅੱਗੇ ਹੈ। ਖਾਸ ਗੱਲ ਇਹ ਹੈ ਕਿ ਇਸ ਸਮੇਂ ਕੋਈ ਵੀ ਸਰਗਰਮ ਬੱਲੇਬਾਜ਼ ਏਸ਼ੀਆ ਕੱਪ ‘ਚ 10 ਛੱਕੇ ਵੀ ਨਹੀਂ ਮਾਰ ਸਕਿਆ ਹੈ।

5. ਸਭ ਤੋਂ ਵੱਧ ਖਿਤਾਬ ਜਿੱਤਣ ਦਾ ਰਿਕਾਰਡ

ਭਾਰਤੀ ਟੀਮ ਸਭ ਤੋਂ ਵੱਧ ਵਾਰ ਖਿਤਾਬ ਜਿੱਤਣ ਦੇ ਮਾਮਲੇ ‘ਚ ਸਭ ਤੋਂ ਅੱਗੇ ਹੈ, ਉਸ ਤੋਂ ਬਾਅਦ ਸ਼੍ਰੀਲੰਕਾ ਛੇ ਖਿਤਾਬਾਂ ਨਾਲ ਦੂਜੇ ਸਥਾਨ ‘ਤੇ ਹੈ। ਇਸ ਸਮੇਂ ਭਾਰਤੀ ਟੀਮ ਦੀ ਤਾਕਤ ਅਤੇ ਇਕਸਾਰਤਾ ਨੂੰ ਦੇਖਦੇ ਹੋਏ, ਇਸ ਰਿਕਾਰਡ ਨੂੰ ਤੋੜਨਾ ਲਗਭਗ ਅਸੰਭਵ ਜਾਪਦਾ ਹੈ।

ਭਾਰਤ ਸੱਤ ‘ਚੋਂ ਛੇ ਟੀਮਾਂ ਵਿਰੁੱਧ ਖੇਡਿਆ

ਭਾਰਤ ਨੇ 2016 ਅਤੇ 2022 ‘ਚ ਮੌਜੂਦਾ ਐਡੀਸ਼ਨ ਦੀਆਂ ਸੱਤ ਟੀਮਾਂ ‘ਚੋਂ ਛੇ ਵਿਰੁੱਧ ਖੇਡਿਆ ਹੈ। ਇਨ੍ਹਾਂ ‘ਚ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ, ਹਾਂਗਕਾਂਗ, ਸ਼੍ਰੀਲੰਕਾ ਅਤੇ ਯੂਏਈ ਸ਼ਾਮਲ ਹਨ। ਭਾਰਤ ਇਸ ਸਾਲ ਇਸ ਟੂਰਨਾਮੈਂਟ ‘ਚ ਪਹਿਲੀ ਵਾਰ ਓਮਾਨ ਵਿਰੁੱਧ ਖੇਡੇਗਾ। ਭਾਰਤ ਨੇ ਬਾਕੀ ਛੇ ਟੀਮਾਂ ਵਿਰੁੱਧ ਕੁੱਲ 10 ਮੈਚ ਖੇਡੇ ਹਨ।

ਇਸ ‘ਚੋਂ, ਭਾਰਤ ਨੇ ਅੱਠ ਮੈਚ ਜਿੱਤੇ ਹਨ ਅਤੇ ਭਾਰਤੀ ਟੀਮ ਨੂੰ ਦੋ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਨ੍ਹਾਂ ਦੋ ਟੀਮਾਂ ਤੋਂ ਭਾਰਤ ਹਾਰਿਆ ਹੈ ਉਨ੍ਹਾਂ ‘ਚ ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ। ਭਾਰਤ ਨੂੰ 2022 ‘ਚ ਇਨ੍ਹਾਂ ਦੋਵਾਂ ਟੀਮਾਂ ਤੋਂ ਇੱਕ-ਇੱਕ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਨੇ ਸੁਪਰ-ਫੋਰ ਮੈਚ ‘ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ ਅਤੇ ਸ਼੍ਰੀਲੰਕਾ ਨੇ ਸੁਪਰ-ਫੋਰ ਦੌਰ ‘ਚ ਹੀ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ।

Read More: PAK ਬਨਾਮ UAE: ਪਾਕਿਸਤਾਨ ਨੇ ਯੂਏਈ ਨੂੰ ਹਰਾ ਕੇ ਤਿਕੋਣੀ ਸੀਰੀਜ਼ ਦੇ ਫਾਈਨਲ ‘ਚ ਬਣਾਈ ਜਗ੍ਹਾ

Scroll to Top