ਚੰਡੀਗੜ੍ਹ, 06 ਫਰਵਰੀ 2025: ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਹਲਕੇ ਦੇ ਆਪਣੇ ਦੌਰੇ ਦੌਰਾਨ ਸ਼ੇਰੇਵਾਲਾ ਅਤੇ ਸ਼ੇਰਗੜ੍ਹ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਟੇਲਾਂ ਤੱਕ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ।
ਬਰਿੰਦਰ ਕੁਮਾਰ ਗੋਇਲ ਨੇ ਅੱਜ ਜ਼ਿਲ੍ਹੇ ਦੇ ਕੁਝ ਪਿੰਡਾਂ ਦਾ ਦੌਰਾ ਕਰਕੇ ਧਰਤੀ ਹੇਠ ਮਿਲੇ ਪੋਟਾਸ਼ ਭੰਡਾਰਾਂ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਬੱਲੂਆਣਾ ਹਲਕੇ ‘ਚ 30 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਛੋਟੀਆਂ ਨਹਿਰਾਂ ਬਣਾਈਆਂ ਹਨ ਅਤੇ ਇਹ ਪ੍ਰੋਜੈਕਟ ਭਵਿੱਖ ‘ਚ ਵੀ ਤੇਜ਼ੀ ਨਾਲ ਜਾਰੀ ਰਹਿਣਗੇ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਨਹਿਰੀ ਪਾਣੀ ਦਾ ਸਿਰਫ਼ 68 ਪ੍ਰਤੀਸ਼ਤ ਵਰਤੋਂ ਹੁੰਦੀ ਸੀ ਪਰ ਹੁਣ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੇਕ ਨੀਤੀਆਂ ਦਾ ਨਤੀਜਾ ਹੈ ਕਿ ਇਸ ਵੇਲੇ ਨਹਿਰੀ ਪਾਣੀ ਦੀ 84 ਪ੍ਰਤੀਸ਼ਤ ਵਰਤੋਂ ਯਕੀਨੀ ਬਣਾਈ ਗਈ ਹੈ।
ਮੰਤਰੀ (Barinder Kumar Goyal) ਨੇ ਕਿਹਾ ਕਿ ਜਿੱਥੇ ਪੁਰਾਣੇ ਖਾਲ ਅਤੇ ਨਹਿਰਾਂ ਨੂੰ ਬਹਾਲ ਕਰ ਦਿੱਤਾ ਹੈ, ਉੱਥੇ ਪੁਰਾਣੀਆਂ ਅਤੇ ਕੱਚੀਆਂ ਨਹਿਰਾਂ ਨੂੰ ਵੀ ਦੁਬਾਰਾ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਤੱਕ ਲੋੜੀਂਦਾ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਨਹਿਰਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਸਗੋਂ ਹਰ ਖੇਤ ਨੂੰ ਪਾਣੀ ਵੀ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਿਆ ਗਿਆ ਹੈ ਸਗੋਂ ਬਿਜਲੀ ਦੀ ਵੀ ਬੱਚਤ ਹੋ ਰਹੀ ਹੈ।
ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ਤੋਂ ਹੀ ਵਾਅਦਿਆਂ ਅਨੁਸਾਰ ਲੋਕ ਹਿੱਤ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਮੁਫ਼ਤ ਬਿਜਲੀ ਦੇਣ ਤੋਂ ਇਲਾਵਾ, ਮੁਹੱਲਾ ਕਲੀਨਿਕਾਂ ਰਾਹੀਂ ਸਿਹਤ ਖੇਤਰ ਵਿੱਚ ਇੱਕ ਕ੍ਰਾਂਤੀ ਲਿਆਂਦੀ ਗਈ ਸੀ। ਇਸ ਤੋਂ ਇਲਾਵਾ, ਸਿੱਖਿਆ ਵੀ ਪੰਜਾਬ ਸਰਕਾਰ ਦਾ ਇੱਕ ਤਰਜੀਹੀ ਖੇਤਰ ਹੈ। ਇਸ ਮੌਕੇ ਉਨ੍ਹਾਂ ਪਿੰਡ ਸ਼ੇਰਗੜ੍ਹ ਦੇ ਸਕੂਲ ਲਈ 2 ਕਰੋੜ 7 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪਿੰਡ ਦੇ ਛੱਪੜ ਦੀ ਮੁਰੰਮਤ ‘ਤੇ ਵੀ 25 ਲੱਖ ਰੁਪਏ ਖਰਚ ਕਰੇਗੀ।