ਚੰਡੀਗੜ੍ਹ 09 ਜਨਵਰੀ 2023: ਅੰਗੀਠੀ ਬਾਲ ਕੇ ਸੁੱਤੇ ਪਏ ਪੰਜ ਪਰਵਾਸੀ ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮਜ਼ਦੂਰ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੈਲਰ ਵਿੱਚ ਕੰਮ ਕਰਨ ਵਾਲੇ ਸੱਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ, ਅਮੰਤ ਕੁਮਾਰ ਅਤੇ ਸ਼ਿਵਰੁਦਰ ਐਤਵਾਰ ਰਾਤ ਕਰੀਬ 10 ਵਜੇ ਆਪਣਾ ਕੰਮ ਖ਼ਤਮ ਕਰਕੇ ਸ਼ੈਲਰ ਵਿੱਚ ਬਣੇ ਕਮਰੇ ਵਿੱਚ ਹੀ ਸੌਂ ਗਏ। ਰਾਤ ਠੰਡ ਤੋਂ ਬਚਣ ਲਈ ਉਨ੍ਹਾਂ ਨੇ ਅੰਗੀਠੀ ਬਾਲ ਲਈ |
ਸੋਮਵਾਰ ਸਵੇਰੇ ਮਜ਼ਦੂਰਾਂ ਨੂੰ ਕੰਮ ‘ਤੇ ਨਾ ਆਉਂਦੇ ਦੇਖ ਕੇ ਮਜ਼ਦੂਰ ਠੇਕੇਦਾਰ ਨੇ ਮਜ਼ਦੂਰਾਂ ਨੂੰ ਜਗਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੋਲ੍ਹਣ ‘ਤੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਸਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ ਅਤੇ ਅਮੰਤ ਕੁਮਾਰ ਮ੍ਰਿਤਕ ਪਾਏ ਗਏ। ਜਦਕਿ ਸ਼ਿਵਰੁਦਰ ਦਾ ਸਾਹ ਚੱਲ ਰਿਹਾ ਸੀ। ਸ਼ਿਵਰੁਦਰ ਨੂੰ ਤੁਰੰਤ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਪੁਸ਼ਟੀ ਕਰਦਿਆਂ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।