ਚੰਡੀਗੜ੍ਹ, 7 ਅਕਤੂਬਰ 2025: ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਨੂੰ ਵੱਡੇ ਪੱਧਰ ‘ਤੇ ਮਨਾ ਰਹੀ ਹੈ ਅਤੇ ਇਸ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਨੋਡਲ ਵਿਭਾਗ ਵੱਜੋਂ ਜ਼ਿੰਮੇਵਾਰੀ ਦਿੱਤੀ ਹੈ |
ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਬੀਤੇ ਦਿਨੀਂ ਭਾਈ ਜੈਤਾ ਜੀ ਦੀ ਯਾਦਗਾਰ ‘ਚ ਪੰਜ ਗੈਲਰੀਆਂ ਮਨੁੱਖਤਾ ਨੂੰ ਸਮਰਪਿਤ ਕੀਤੀਆਂ ਹਨ। ਇਸ ਯਾਦਗਾਰ ਦਾ ਕੁੱਲ ਖੇਤਰ 5 ਏਕੜ ਹੈ। ਇਸ ‘ਚੋਂ ਕਵਰਡ ਖੇਤਰ ਤਕਰੀਬਨ 2 ਏਕੜ ਹੈ ਅਤੇ ਕੰਸਟ੍ਰਕਸ਼ਨ ਖੇਤਰ 3200 ਵਰਗ ਫੁੱਟ ਹੈ।
ਇਸ ਯਾਦਗਾਰ ਦਾ ਡਿਜ਼ਾਈਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਚੀਟੈਕਚਰ ਵਿੰਗ ਵੱਲੋਂ ਤਿਆਰ ਕੀਤਾ ਹੈ। ਇਸ ਯਾਦਗਾਰ ਨੂੰ ਦੋ ਭਾਗਾਂ ‘ਚ ਮੁਕੰਮਲ ਕੀਤਾ ਹੈ। ਪਹਿਲੇ ਭਾਗ ‘ਚ ਇਮਾਰਤ ਦਾ ਨਿਰਮਾਣ ਮੁਕੰਮਲ ਕਰਕੇ ਫਰਵਰੀ, 2024 ‘ਚ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਸੰਗਤ ਨੂੰ ਸਮਰਪਿਤ ਕੀਤੇ ਦੂਜੇ ਭਾਗ ‘ਚ ਇਮਾਰਤ ਦੇ ਦੋਵੇਂ ਵਿੰਗਾਂ ਅੰਦਰ ਪੰਜ ਗੈਲਰੀਆਂ ਬਣਾਈਆਂ ਹਨ। ਪਹਿਲੇ ਭਾਗ ‘ਤੇ 17 ਕਰੋੜ ਰੁਪਏ ਦੀ ਲਾਗਤ ਆਈ ਸੀ ਜਦਕਿ ਦੂਜੇ ਭਾਗ ‘ਤੇ 3 ਕਰੋੜ ਰੁਪਏ ਦੀ ਲਾਗਤ ਆਈ ਹੈ।
ਭਾਈ ਜੈਤਾ ਜੀ ਦਾ ਜੀਵਨ ਇਤਿਹਾਸ
ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਦਾ ਜੀਵਨ ਸਿੱਖ ਇਤਿਹਾਸ ਦਾ ਉਹ ਸੁਨਹਿਰੀ ਪੰਨਾ ਹੈ ਜਿਸ ’ਤੇ ਜਿੰਨਾ ਵੀ ਮਾਣ ਕਰ ਸਕੀਏ, ਓਨਾ ਹੀ ਥੋੜ੍ਹਾ ਹੈ। ਇਮਾਰਤ ‘ਚ ਦਾਖਲ ਹੁੰਦੇ ਸਾਰੇ ਸਭ ਤੋਂ ਪਹਿਲਾਂ ਰਿਸੈਪਸ਼ਨ ‘ਚ ਯਾਦਗਾਰ ਬਾਰੇ ਉੱਥੇ ਰੱਖੇ ਮਾਡਲ ਅਤੇ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।
1. ਆਸ਼ੀਰਵਾਦ: ਇਸ ਤੋਂ ਬਾਅਦ ਪਹਿਲੀ ਗੈਲਰੀ ‘ਚ ਸਿੱਖ ਗੁਰੂ ਸਹਿਬਾਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਭਾਈ ਜੈਤਾ ਜੀ ਦੇ ਪੁਰਖੇ ਵੀ ਗੁਰੂ ਸਹਿਬਾਨ ਦੇ ਨਾਲ ਮੁੱਢ ਤੋਂ ਹੀ ਜੁੜੇ ਹੋਏ ਸਨ। ਪਹਿਲੀ ਗੈਲਰੀ ‘ਚ ਆਧੁਨਿਕ ਤਕਨੀਕ ਨਾਲ ਇਤਿਹਾਸ ਨੂੰ ਰੂਪਮਾਨ ਕੀਤਾ ਹੈ।
2. ਜੀਵਨ: ਇਸੇ ਤਰ੍ਹਾਂ ਦੂਸਰੀ ਗੈਲਰੀ ‘ਚ ਭਾਈ ਜੈਤਾ ਜੀ ਦੇ ਮਾਤਾ-ਪਿਤਾ ਦਾ ਵਿਆਹ ਅਤੇ ਉਨ੍ਹਾਂ ਦੇ ਜਨਮ ਬਾਰੇ ਤੇ ਸਮੁੱਚੀ ਪੀੜ੍ਹੀ ਨੂੰ ਪ੍ਰਦਰਸ਼ਿਤ ਕੀਤਾ ਹੈ।
3. ਤਿਆਗ: ਇਸ ਤੋਂ ਬਾਅਦ ਤੀਜੀ ਗੈਲਰੀ ‘ਚ ਕਸ਼ਮੀਰੀ ਪੰਡਿਤਾਂ ‘ਤੇ ਹੁੰਦੇ ਜ਼ੁਲਮਾਂ ਅਤੇ ਉਨ੍ਹਾਂ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਫਰਿਆਦ ਕਰਨਾ ਅਤੇ ਗੁਰੂ ਜੀ ਦਾ ਸ਼ਹਾਦਤ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕਰਨਾ, ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਚਾਂਦਨੀ ਚੌਂਕ ਵਿਖੇ ਦਿੱਤੀ ਸ਼ਹਾਦਤ ਦਾ ਵੱਡੀ ਸਕਰੀਨ ‘ਤੇ ਆਡੀਓ ਵਿਜ਼ਿਊਲ ਅਤੇ ਭਾਈ ਜੈਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਲੈ ਕੇ ਆਉਣ ਦਾ ਸੈਟ ਤਿਆਰ ਕੀਤਾ ਹੈ।
4. ਰੰਘਰੇਟੇ ਗੁਰੂ ਕੇ ਬੇਟੇ: ਇਸੇ ਤਰ੍ਹਾਂ ਚੌਥੀ ਗੈਲਰੀ ‘ਚ ਪੇਂਟਿੰਗਾਂ ਰਾਹੀਂ ਗੁਰੂ ਸਾਹਿਬ ਦਾ ਸੀਸ ਭਾਈ ਜੈਤਾ ਜੀ ਵੱਲੋਂ ਬਾਲ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕਰਨ ਦਾ ਦ੍ਰਿਸ਼, ਇਸ ਦ੍ਰਿਸ਼ ’ਤੇ ਅਧਾਰਤ ਆਡੀਓ-ਵੀਡੀਓ, ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ, ਗੁਰੂ ਸਾਹਿਬ ਦਾ ਸੀਸ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਨਗਰ ਕੀਰਤਨ ਦੇ ਰੂਪ ‘ਚ ਲੈ ਕੇ ਜਾਣਾ, ਭਾਈ ਜੈਤਾ ਜੀ ਨੂੰ ਪਹਿਲੇ ਨਗਾਰਚੀ ਵਜੋਂ ਵਿਖਾਉਣਾ, ਖਾਲਸਾ ਪੰਥ ਦਾ ਜਨਮ ਅਤੇ ਭਾਈ ਜੈਤਾ ਜੀ ਵੱਲੋਂ ਵੱਖ-ਵੱਖ ਲੜਾਈਆਂ ਲੜਨ ਦੇ ਦ੍ਰਿਸ਼ਾਂ ਨੂੰ ਰੂਪਮਾਨ ਕੀਤਾ ਹੈ।
5. ਸੰਘਰਸ਼: ਇਸੇ ਤਰ੍ਹਾਂ ਪੰਜਵੀਂ ਗੈਲਰੀ ‘ਚ ਜਾਂਦੇ ਹੋਏ ਭਾਈ ਜੈਤਾ ਜੀ ਨਾਲ ਸਬੰਧਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਇਤਿਹਾਸਿਕ ਤਪ ਅਸਥਾਨ, ਗੁਰੂ ਸਾਹਿਬ ਵੱਲੋਂ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਦ੍ਰਿਸ਼ ਅਤੇ ਅੰਤਲੇ ਭਾਗ ‘ਚ ਭਾਈ ਜੈਤਾ ਜੀ ਦੇ ਸਮੁੱਚੇ ਜੀਵਨ ਨੂੰ ਐਨੀਮੇਸ਼ਨ ਰਾਹੀਂ ਫਿਲਮਾਇਆ ਹੈ। ਇਸ ਤੋਂ ਬਾਅਦ ਅਗਲੇ ਭਾਗ ‘ਚ ਇਕ ਗਿਫਟ ਸ਼ਾਪ ਅਤੇ ਪੰਜਾਬ ਟੂਰਿਜ਼ਮ ਨਾਲ ਸਬੰਧਤ ਥਾਵਾਂ ਨੂੰ ਵਿਖਾਇਆ ਹੈ।
ਮੰਤਰੀ ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਸਰਕਾਰ ਨੇ ਇਸ ਪ੍ਰੋਜੈਕਟ ਦੀ ਲਗਾਤਾਰ ਸਮੀਖਿਆ ਕੀਤੀ ਅਤੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ। ਪਿਛਲੇ ਇੱਕ ਸਾਲ ‘ਚ ਵੱਖ ਵੱਖ ਪੱਧਰ ਦੀਆਂ ਅਸੀਂ 10 ਤੋਂ ਵੀ ਵੱਧ ਬੈਠਕਾਂ ਕੀਤੀਆਂ |
ਵਿਰਾਸਤ ਮਾਰਗ
ਉਨ੍ਹਾਂ ਨੇ ਦੱਸਿਆ ਕਿ ਸਿੱਖਾਂ ਦੇ ਮਹਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਚਿੱਟੇ ਰੰਗ ਦੇ ਸੰਗਮਰਮਰ ਨਾਲ ਵਿਰਾਸਤੀ ਮਾਰਗ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ‘ਤੇ ਕੁੱਲ 18 ਕਰੋੜ ਰੁਪਏ ਦੀ ਲਾਗਤ ਆਵੇਗੀ। 5 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਕਰੀਬ 10 ਮਹੀਨੇ ‘ਚ ਇਸਨੂੰ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰ ਦੇ ਸੈਰ ਸਪਾਟਾ ਕੇਂਦਰ ਖਾਸ ਤੌਰ ’ਤੇ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਉਭਾਰਨ ‘ਚ ਇਹ ਪ੍ਰੋਜੈਕਟ ਅਹਿਮ ਭੂਮਿਕਾ ਅਦਾ ਕਰੇਗਾ ਕਿਉਂ ਕਿ ਚਿੱਟੇ ਰੰਗ ਦੇ ਸੰਗਮਰਮਰ ਨਾਲ ਬਣਿਆ ਵਿਰਾਸਤੀ ਮਾਰਗ ਦੁਨੀਆਂ ਭਰ ਅੰਦਰ ਆਪਣੇ-ਆਪ ‘ਚ ਵਿਲੱਖਣ ਮਿਸਾਲ ਪੇਸ਼ ਕਰੇਗਾ।
ਉਨ੍ਹਾਂ ਦੱਸਿਆ ਕਿ ਮੇਨ ਰੋਡ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਕੁੱਲ 580 ਮੀਟਰ ਲੰਬੇ ਮਾਰਗ ਉੱਤੇ ਚਿੱਟਾ ਸੰਗਮਰਮਰ ਲਾਇਆ ਜਾਵੇਗਾ ਅਤੇ ਕੁੱਲ ਛੇ ਦਾਖਲਾ ਗੇਟ ਬਣਾਏ ਜਾਣਗੇ।
ਇਸ ਵਿਰਾਸਤੀ ਮਾਰਗ ‘ਚ ਸਭ ਤੋਂ ਪਹਿਲਾਂ ਮੁੱਖ ਮਾਰਗ ਵਾਲੇ ਪਾਸੇ ਤੋਂ ਵੱਡਾ ਤੇ ਆਕਰਸ਼ਕ ਗੇਟ ਤਿਆਰ ਕੀਤਾ ਜਾਵੇਗਾ ਜੋ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗਾ। ਇੱਕ ਗੇਟ ਸਰੋਵਰ ਤੇ ਪਾਰਕਿੰਗ ਸਾਈਡ ਵੱਲੋਂ ਹੋਵੇਗਾ। ਇੱਕ ਹੋਰ ਗੇਟ ਗੁਰੂ ਤੇਗ ਬਹਾਦੁਰ ਮਿਊਜ਼ੀਅਮ ਵਾਲੇ ਪਾਸਿਓਂ ਹੋਵੇਗਾ। ਬਾਕੀ ਗੇਟ ਮੁੱਖ ਸੜਕ ਨਾਲ ਜੁੜਦੇ ਵੱਖ ਵੱਖ ਰਾਹਾਂ ਉੱਤੇ ਹੋਣਗੇ।