Derabassi

ਡੇਰਾਬੱਸੀ ਹਲਕੇ ‘ਚ ਪੰਜ ਸਹਾਇਕ ਬੂਥ ਬਣਾਏ ਜਾਣਗੇ: ਜ਼ਿਲ੍ਹਾ ਚੋਣ ਅਫ਼ਸਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਾਰਚ, 2023: ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਕਿ ਜਿੱਥੇ ਇੱਕ ਬੂਥ ਵਿੱਚ ਵੋਟਰਾਂ ਦੀ ਗਿਣਤੀ 1400 ਤੋਂ ਵੱਧ ਹੈ, ਉੱਥੇ ਸਹਾਇਕ ਬੂਥ ਸਥਾਪਤ ਕੀਤੇ ਜਾਣ, ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 112-ਡੇਰਾਬੱਸੀ (Derabassi) ਹਲਕੇ ਵਿੱਚ ਪੰਜ ਸਹਾਇਕ ਬੂਥ ਬਣਾਏ ਜਾਣਗੇ।

ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਚੋਣ ਅਫ਼ਸਰ ਨੂੰ ਭੇਜੇ ਜਾ ਰਹੇ ਪ੍ਰਸਤਾਵ ਤੋਂ ਜਾਣੂ ਕਰਵਾਉਣ ਲਈ ਸਿਆਸੀ ਪਾਰਟੀਆਂ ਨਾਲ ਅੱਜ ਮੀਟਿੰਗ ਕਰਦਿਆਂ ਦੱਸਿਆ ਕਿ ਹਲਕਾ 112-ਡੇਰਾਬੱਸੀ ਵਿੱਚ ਪੰਜ ਬੂਥ ਸਨ, ਜਿੱਥੇ ਵੋਟਰਾਂ ਦੀ ਗਿਣਤੀ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 1400 ਤੋਂ ਵੱਧ ਸੀ। ਇਨ੍ਹਾਂ ਬੂਥਾਂ ਵਿੱਚ ਬੂਥ ਨੰ: 33 (1507 ਵੋਟਾਂ), ਬੂਥ ਨੰ: 40 (1495 ਵੋਟਾਂ), ਬੂਥ ਨੰ: 123 (1467 ਵੋਟਾਂ), ਬੂਥ ਨੰ: 134 (1484 ਵੋਟਾਂ) ਅਤੇ ਬੂਥ ਨੰ: 229 (1504 ਵੋਟਾਂ) ਸ਼ਾਮਲ ਹਨ, ਜਿੱਥੇ ਸਹਾਇਕ ਪੋਲਿੰਗ ਸਟੇਸ਼ਨ ਬਣਾਏ ਜਾਣੇ ਹਨ।

ਇਸੇ ਤਰ੍ਹਾਂ 52-ਖਰੜ ਅਤੇ 53-ਐਸ.ਏ.ਐਸ.ਨਗਰ ਦੇ ਰਿਟਰਨਿੰਗ ਅਫ਼ਸਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਹਲਕਿਆਂ ਵਿੱਚ ਕੋਈ ਵੀ ਅਜਿਹਾ ਬੂਥ ਨਹੀਂ ਹੈ ਜਿੱਥੇ ਵੋਟਾਂ ਦੀ ਗਿਣਤੀ 1400 ਤੋਂ ਵੱਧ ਹੋਵੇ। ਮੁੱਖ ਚੋਣ ਅਫ਼ਸਰ ਨੂੰ ਭੇਜੀ ਜਾਣ ਵਾਲੀ ਤਜਵੀਜ਼ ਨੂੰ ਮੀਟਿੰਗ ਚ ਹਾਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ, ਆਮ ਆਦਮੀ ਪਾਰਟੀ ਤੋਂ ਬਹਾਦਰ ਸਿੰਘ ਚਾਹਲ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜਸਮੇਰ ਲਾਲ, ਸ਼੍ਰੋਮਣੀ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਅਨਿਲ ਕੁਮਾਰ ਗੁੱਡੂ ਸਮੇਤ ਨੇ ਆਪਣੀ ਸਹਿਮਤੀ ਦਿੱਤੀ। ਮੀਟਿੰਗ ਵਿੱਚ ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਵੀ ਹਾਜ਼ਰ ਸਨ।

Scroll to Top