ਚੰਡੀਗੜ੍ਹ, 7 ਜਨਵਰੀ 2026: ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸੂਬੇ ‘ਚ ਪਹਿਲਾ ਸਫਲਤਾਪੂਰਵਕ ਲਿਵਰ ਟ੍ਰਾਂਸਪਲਾਂਟ ਕੀਤਾ ਗਿਆ ਹੈ | ਪੰਜਾਬ ਸਰਕਾਰ ਵੱਲੋਂ ਸਭ ਤੋਂ ਗੁੰਝਲਦਾਰ ਅਤੇ ਮਹਿੰਗੀਆਂ ਜੀਵਨ-ਰੱਖਿਅਕ ਡਾਕਟਰੀ ਪ੍ਰਕਿਰਿਆਵਾਂ ‘ਚੋਂ ਇੱਕ ਪ੍ਰਕਿਰਿਆ ਨੂੰ ਸੂਬੇ ਦੀ ਸਰਕਾਰੀ ਸੰਸਥਾ ‘ਚ ਉਪਲਬੱਧ ਕਰਵਾਉਣਾ ਯਕੀਨੀ ਬਣਾਇਆ ਹੈ ਜੋ ਕਿ ਪਹਿਲਾਂ ਮਹਾਨਗਰ ਦੇ ਨਿੱਜੀ ਹਸਪਤਾਲਾਂ ਤੱਕ ਹੀ ਸੀਮਤ ਸੀ।
‘ਆਪ’ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਾਪਤੀ ਦਹਾਕਿਆਂ ਦੀ ਅਣਗਹਿਲੀ ਤੋਂ ਸਪੱਸ਼ਟ ਰਾਹਤ ਪ੍ਰਦਾਨ ਕਰਦੀ ਹੈ, ਜਿਸ ਤਹਿਤ ਪਿਛਲੀਆਂ ਸੂਬਾ ਸਰਕਾਰਾਂ ਨੇ ਅਹਿਮ ਤੀਜੇ ਦਰਜੇ ਦੀ ਸਿਹਤ ਸੰਭਾਲ ਨੂੰ ਦਿੱਲੀ, ਮੁੰਬਈ ਜਾਂ ਚੇਨਈ ਤੱਕ ਸੀਮਿਤ ਰੱਖਿਆ ਅਤੇ ਜਿਸ ਨਾਲ ਪੰਜਾਬ ਦੇ ਮਰੀਜ਼ਾਂ ਨੂੰ ਭਾਰੀ ਵਿੱਤੀ ਅਤੇ ਭਾਵਨਾਤਮਕ ਖਰਚੇ ਝੱਲਣੇ ਪਏ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਸਟੀਚਿਊਟ ਆਫ ਐਕਸੀਲੈਂਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਵਿਸ਼ਵ ਪੱਧਰੀ ਸਿਹਤ ਸੰਭਾਲ ਤੱਕ ਆਮ ਨਾਗਰਿਕ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਂਦੀਆਂ ਹਨ। ਪੀ.ਆਈ.ਐਲ.ਬੀ.ਐਸ. ਵਿਖੇ ਸਫਲ ਲਿਵਰ ਟਰਾਂਸਪਲਾਂਟ ਇੱਕ ਵੱਡਾ ਕਦਮ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਉੱਨਤ ਲਿਵਰ ਦੇਖਭਾਲ ਲਈ ਸੂਬੇ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ।”
ਦੇਸ਼ ਭਰ ‘ਚ ਲਿਵਰ ਦੀਆਂ ਬਿਮਾਰੀਆਂ ਤੋਂ ਪੀੜਤ ਸਭ ਤੋਂ ਵੱਧ ਪੰਜਾਬ ‘ਚ ਹਨ। ਪੰਜਾਬ ‘ਚ ਹੈਪੇਟਾਈਟਸ ਸੀ ਦੀ ਦਰ 0.56 ਫੀਸਦ ਤੋਂ ਲੈ ਕੇ 3.6 ਫੀਸਦ ਤੱਕ ਹੈ, ਜਦੋਂ ਕਿ ਕੌਮੀ ਔਸਤ ਲਗਭੱਗ 0.3 ਫੀਸਦ ਹੈ, ਜਿਸ ਦਾ ਅਰਥ ਹੈ ਕਿ ਅੰਦਾਜ਼ਨ 1.5 ਤੋਂ 10 ਲੱਖ ਵਿਅਕਤੀ ਇਸ ਤੋਂ ਪੀੜਤ ਹਨ। ਹੈਪੇਟਾਈਟਸ ਬੀ ਦੀ ਦਰ ਲਗਭੱਗ 1 ਤੋਂ 1.5 ਫੀਸਦ ਹੈ। ਦੇਸ਼ ਭਰ ‘ਚ ਸਿਰੋਸਿਸ ਦੇ 40 ਫੀਸਦ ਤੋਂ ਵੱਧ ਮਾਮਲੇ ਸ਼ਰਾਬ ਨਾਲ ਸਬੰਧਤ ਲਿਵਰ ਦੀ ਬਿਮਾਰੀ ਕਾਰਨ ਹੁੰਦੇ ਹਨ ਅਤੇ ਪੰਜਾਬ ‘ਚ ਸ਼ਰਾਬ ਦੀ ਜ਼ਿਆਦਾ ਖਪਤ ਇਸ ਜੋਖਮ ਨੂੰ ਹੋਰ ਵਧਾਉਂਦੀ ਹੈ।
‘ਆਪ’ ਸਰਕਾਰ ਦਾ ਕਹਿਣਾ ਹੈ ਕਿ ਸਾਲਾਂ ਤੋਂ ਇਸ ਜਨਤਕ ਸਿਹਤ ਸੰਕਟ ਨੂੰ ਅਣਗੌਲਿਆਂ ਕੀਤਾ ਹੈ। ਮਰੀਜ਼ਾਂ ਨੂੰ ਇਲਾਜ ਲਈ ਪੰਜਾਬ ਤੋਂ ਬਾਹਰ ਜਾਣ ਲਈ ਮਜ਼ਬੂਰ ਹੋਣਾ ਪਿਆ ਅਤੇ ਸਰਕਾਰੀ ਹਸਪਤਾਲ ਢਾਂਚਾਗਤ ਤੌਰ ‘ਤੇ ਅਸਮਰੱਥ ਰਹੇ।
ਇਸਤੋਂ ਪਹਿਲਾਂ, ਪੰਜਾਬ ਦੇ ਲਿਵਰ ਟਰਾਂਸਪਲਾਂਟ ਮਰੀਜ਼ਾਂ ਕੋਲ ਦੂਰ-ਦੁਰਾਡੇ ਮਹਾਂਨਗਰਾਂ ‘ਚ ਇਲਾਜ ਕਰਵਾਉਣ ਤੋਂ ਇਲਾਵਾ ਕੋਈ ਅਸਲ ਚਾਰਾ ਨਹੀਂ ਸੀ। ਇਸ ਨਾਲ ਜੇਬ ‘ਤੇ ਭਾਰੀ ਬੋਝ, ਲੰਮੀ ਉਡੀਕ, ਰੋਜ਼ੀ-ਰੋਟੀ ਦਾ ਨੁਕਸਾਨ ਅਤੇ ਪਰਿਵਾਰਕ ਸਹਾਇਤਾ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸਦਾ ਭਾਵ ਹੈ ਕਿ ਲਿਵਰ ਟ੍ਰਾਂਸਪਲਾਂਟ ਮੱਧ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਰਿਹਾ।
‘ਆਪ’ ਸਰਕਾਰ ਮੁਤਾਬਕ ਪੀ.ਆਈ.ਐਲ.ਬੀ.ਐਸ. ਨੂੰ ਲਿਵਰ ਅਤੇ ਪਿਸ਼ਾਬ ਸਬੰਧੀ ਬਿਮਾਰੀਆਂ ਲਈ ਇੱਕ ਵਿਸ਼ੇਸ਼ ਕੇਂਦਰ ਵਜੋਂ ਵਿਕਸਤ ਕੀਤਾ ਹੈ ਜੋ ਇੱਕ ਛੱਤ ਹੇਠ ਉੱਨਤ ਹੈਪੇਟੋਲੋਜੀ, ਗੈਸਟ੍ਰੋਐਂਟਰੌਲੋਜੀ, ਡਾਇਗਨੌਸਟਿਕਸ, ਕ੍ਰਿਟੀਕਲ ਕੇਅਰ, ਹੈਪੇਟੋ-ਬਿਲੀਅਰੀ ਸਰਜਰੀ, ਟ੍ਰਾਂਸਪਲਾਂਟ ਸੇਵਾਵਾਂ ਅਤੇ ਟ੍ਰਾਂਸਪਲਾਂਟ ਤੋਂ ਬਾਅਦ ਫਾਲੋ-ਅਪ ਦੀ ਪੇਸ਼ਕਸ਼ ਕਰਦਾ ਹੈ।
ਇਹ ਪਹਿਲਾ ਲਿਵਰ ਟਰਾਂਸਪਲਾਂਟ ਪੰਜਾਬ ਦੇ ਆਧੁਨਿਕ ਅੰਗ ਟ੍ਰਾਂਸਪਲਾਂਟ ਦੇਖਭਾਲ ਸੇਵਾਵਾਂ ‘ਚ ਰਸਮੀ ਪ੍ਰਵੇਸ਼ ਨੂੰ ਦਰਸਾਉਂਦਾ ਹੈ। ਇਹ ਪੰਜਾਬ ਤੋਂ ਬਾਹਰ ਦੇ ਹਸਪਤਾਲਾਂ ‘ਤੇ ਨਿਰਭਰਤਾ ਨੂੰ ਘਟਾਉਂਦਾ ਹੈ, ਜਨਤਕ ਪ੍ਰਣਾਲੀ ‘ਚ ਤੀਜੇ ਦਰਜੇ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਦਾ ਹੈ ਅਤੇ ਵੱਧ ਤੋਂ ਵੱਧ ਟ੍ਰਾਂਸਪਲਾਂਟ ਕਰਨ, ਸੂਬੇ ‘ਚ ਡਾਕਟਰੀ ਸਿਖਲਾਈ ਅਤੇ ਜ਼ਿਲ੍ਹਿਆਂ ‘ਚ ਇੱਕ ਢਾਂਚਾਗਤ ਰੈਫਰਲ ਨੈੱਟਵਰਕ ਦਾ ਰਾਹ ਪੱਧਰਾ ਕਰਦਾ ਹੈ।
ਇਸ ਪ੍ਰੋਗਰਾਮ ਰਾਹੀਂ ਹੈਪੇਟਾਈਟਸ ਬੀ ਅਤੇ ਸੀ ਦੇ ਖਾਤਮੇ ਦੇ ਚੱਲ ਰਹੇ ਯਤਨਾਂ ਨੂੰ ਮਜ਼ਬੂਤੀ ਦੇਣ, ਲਿਵਰ ਦੀ ਬਿਮਾਰੀ ਦਾ ਪਹਿਲਾਂ ਪਤਾ ਲਗਾਉਣ ਦੇ ਸਮਰੱਥ ਬਣਾਉਣ ਅਤੇ ਲਿਵਰ ਦੀਆਂ ਬਿਮਾਰੀਆਂ ਤੋਂ ਹੋਣ ਵਾਲੀਆਂ ਮੌਤਾਂ ਨੂੰ ਕਾਫ਼ੀ ਹੱਦ ਤੱਕ ਕਮੀ ਆਉਣ ਦੀ ਸੰਭਾਵਨਾ ਹੈ।
Read More: ਨਵੇਂ ਸੈੱਸ ਦਾ ਕੋਈ ਕਾਨੂੰਨੀ ਆਧਾਰ ਨਹੀਂ, ਇਹ ਕਾਂਗਰਸ ਦੀ ਧੱਕੇਸ਼ਾਹੀ: ਬਰਿੰਦਰ ਕੁਮਾਰ ਗੋਇਲ




