ਚੰਡੀਗ੍ਹੜ, 04 ਅਪ੍ਰੈਲ 2024: ਇੰਡੀਅਨ ਪ੍ਰਾਇਮਰੀ ਲੀਗ 2024 (IPL 2024) ਦੇ ਪਹਿਲੇ ਦਸ ਮੈਚਾਂ ਨੂੰ 35 ਕਰੋੜ ਦਰਸ਼ਕਾਂ ਨੇ ਟੀਵੀ ‘ਤੇ ਦੇਖਿਆ ਹੈ, ਜੋ ਕਿ ਟੂਰਨਾਮੈਂਟ ਦੇ ਕਿਸੇ ਵੀ ਪਿਛਲੇ ਸੀਜ਼ਨ ਨਾਲੋਂ ਵੱਧ ਹੈ। ਬੀਏਆਰਸੀ ਦੇ ਅੰਕੜਿਆਂ ਅਨੁਸਾਰ, ਟੀਵੀ ‘ਤੇ ਇਸ ਸੀਜ਼ਨ ਦੇ ਪਹਿਲੇ 10 ਮੈਚ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਪਿਛਲੇ 16 ਸੀਜ਼ਨਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ।
ਟੀਵੀ ‘ਤੇ ਅਧਿਕਾਰਤ ਪ੍ਰਸਾਰਕ ਡਿਜ਼ਨੀ ਸਟਾਰ ਨੇ ਕਿਹਾ ਕਿ ਟੂਰਨਾਮੈਂਟ ਦਾ ਕੁੱਲ ਦੇਖਣ ਦਾ ਸਮਾਂ 8028 ਕਰੋੜ ਮਿੰਟ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹੈ। ਆਈਪੀਐਲ ਦੇ ਟੀਵੀ ਪ੍ਰਸਾਰਕ ਦੇ ਮੁਖੀ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ – ਅਸੀਂ ਟਾਟਾ ਆਈਪੀਐਲ 2024 ਦੇ ਰਿਕਾਰਡ ਦਰਸ਼ਕਾਂ ਦੀ ਗਿਣਤੀ ਤੋਂ ਬਹੁਤ ਖੁਸ਼ ਹਾਂ। ਅਸੀਂ ਦਰਸ਼ਕਾਂ ਨੂੰ ਕੇਂਦਰ ਵਿੱਚ ਰੱਖ ਕੇ ਕਈ ਪਹਿਲਕਦਮੀਆਂ ਕੀਤੀਆਂ ਜਿਸ ਕਾਰਨ ਦਰਸ਼ਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ।
ਆਈਪੀਐਲ (IPL 2024) ਦਾ ਪ੍ਰਸਾਰਣ 10 ਭਾਸ਼ਾਵਾਂ ਵਿੱਚ ਟੀਵੀ ‘ਤੇ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਗੁੰਗੇ, ਬੋਲ਼ੇ ਅਤੇ ਨੇਤਰਹੀਣ ਪ੍ਰਸ਼ੰਸਕਾਂ ਲਈ ਵਿਸ਼ੇਸ਼ ਫੀਡ ਵੀ ਸ਼ਾਮਲ ਹੈ। ਆਈਪੀਐਲ ਵਿੱਚ ਹੁਣ ਤੱਕ 16 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਸਿਰਫ਼ ਛੇ ਮੈਚ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ। ਇਸ ਦੇ ਨਾਲ ਹੀ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 10 ਮੈਚਾਂ ਵਿੱਚ ਜਿੱਤ ਦਰਜ ਕੀਤੀ। ਘਰੇਲੂ ਟੀਮ ਨੇ ਪਹਿਲੇ 16 ਮੈਚਾਂ ‘ਚੋਂ 11 ਜਿੱਤੇ, ਜਦਕਿ ਮਹਿਮਾਨ ਟੀਮਾਂ ਨੇ ਪੰਜ ਮੈਚ ਜਿੱਤੇ।