ਚੰਡੀਗੜ੍ਹ, 01 ਫਰਵਰੀ 2023: ਪੰਜਾਬ ਦੇ ਜਲੰਧਰ (Jalandhar) ਸ਼ਹਿਰ ਦੇ ਅੰਮ੍ਰਿਤ ਵਿਹਾਰ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਪੱਥਰਬਾਜ਼ੀ ਹੋਈ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਚਸ਼ਮਦੀਦਾਂ ਦੇ ਮੁਤਾਬਕ ਦੋਵਾਂ ਪਾਸਿਆਂ ਤੋਂ ਪਥਰਾਅ ਅਤੇ ਇੱਟਾਂ ਦੀ ਵਰਖਾ ਦੌਰਾਨ ਹੀ ਕਰੀਬ ਚਾਰ ਤੋਂ ਪੰਜ ਰਾਊਂਡ ਫਾਇਰਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ ।
ਇਸ ਦੌਰਾਨ ਮੋਟਰਸਾਈਕਲ ‘ਤੇ ਘਰ ਜਾ ਰਹੇ ਵਿਦਿਆਰਥੀ ਨੂੰ ਬਦਮਾਸ਼ਾਂ ਨੇ ਘੇਰ ਲਿਆ। ਵਿਦਿਆਰਥੀ ਜਸਕਰਨ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਦੇ ਹੱਥਾਂ ਵਿੱਚ ਪਿਸਤੌਲ ਸਨ, ਉਹ ਮੋਟਰਸਾਈਕਲ ਖੋਹ ਕੇ ਲੈ ਗਏ। ਜਸਕਰਨ ਨੇ ਦੱਸਿਆ ਕਿ ਝਗੜੇ ਦੌਰਾਨ ਬਦਮਾਸ਼ਾਂ ਨੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਸਨ।
ਦੋਵਾਂ ਗੁੱਟਾਂ ਦਰਮਿਆਨ ਗੋਲੀਬਾਰੀ ਹੋਣ ਦੀ ਸੂਚਨਾ ਲੋਕਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ , ਇਸ ਦੌਰਾਨ ਏਡੀਸੀਪੀ-1 ਬਲਵਿੰਦਰ ਸਿੰਘ ਰੰਧਾਵਾ ਕਰੀਬ ਡੇਢ ਤੋਂ ਦੋ ਘੰਟੇ ਬਾਅਦ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ 2 ਖੋਲ ਵੀ ਬਰਾਮਦ ਕੀਤੇ ਹਨ।