July 5, 2024 12:42 am
Iran

ਅਫਗਾਨਿਸਤਾਨ ਤੇ ਈਰਾਨ ਦੀਆਂ ਫੌਜਾਂ ਵਿਚਾਲੇ ਨਦੀ ਦੇ ਪਾਣੀ ਨੂੰ ਲੈ ਕੇ ਗੋਲੀਬਾਰੀ, 4 ਜਵਾਨਾਂ ਦੀ ਮੌਤ

ਚੰਡੀਗੜ੍ਹ, 28 ਮਈ 2023: ਅਫਗਾਨਿਸਤਾਨ (Afghanistan) ਅਤੇ ਈਰਾਨ (Iran) ਦੀਆਂ ਫੌਜਾਂ ਵਿਚਾਲੇ ਦੀ ਸਰਹੱਦ ‘ਤੇ ਐਤਵਾਰ ਨੂੰ ਗੋਲੀਬਾਰੀ ਸ਼ੁਰੂ ਹੋ ਗਈ। ਦੋਵਾਂ ਦੇਸ਼ਾਂ ਵਿਚਾਲੇ ਇਸਲਾਮਿਕ ਰੀਪਬਲਿਕ ਸਰਹੱਦ ‘ਤੇ ਭਾਰੀ ਗੋਲੀਬਾਰੀ ਹੋਈ ਹੈ । ਇਹ ਲੜਾਈ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਅਤੇ ਅਫਗਾਨਿਸਤਾਨ ਦੇ ਨਿਮਰੋਜ਼ ਸੂਬੇ ਦੀ ਸਰਹੱਦ ‘ਤੇ ਹੋਈ। ਇਸ ਵਿੱਚ ਇੱਕ ਤਾਲਿਬਾਨੀ ਲੜਾਕੂ ਅਤੇ ਈਰਾਨੀ ਫੌਜ ਦੇ 3 ਜਵਾਨ ਮਾਰੇ ਗਏ।

ਹੇਲਮੰਦ ਨਦੀ ਦੇ ਪਾਣੀ ਦੇ ਅਧਿਕਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਈਰਾਨੀ ਮੀਡੀਆ IRNA ਨੇ ਪਹਿਲੀ ਗੋਲੀਬਾਰੀ ਦਾ ਜ਼ਿੰਮੇਵਾਰ ਤਾਲਿਬਾਨ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਤਾਲਿਬਾਨ ਮੁਤਾਬਕ ਇਹ ਜੰਗ ਇਰਾਨ ਨੇ ਸ਼ੁਰੂ ਕੀਤੀ ਸੀ। ਤਾਲਿਬਾਨ ਕਮਾਂਡਰ ਹਾਮਿਦ ਖੁਰਾਸਾਨੀ ਨੇ ਕਿਹਾ ਕਿ ਜੇਕਰ ਤਾਲਿਬਾਨ ਨੇਤਾ ਮਨਜ਼ੂਰੀ ਦਿੰਦੇ ਹਨ ਤਾਂ ਅਸੀਂ 24 ਘੰਟਿਆਂ ਦੇ ਅੰਦਰ ਈਰਾਨ ‘ਤੇ ਜਿੱਤ ਹਾਸਲ ਕਰ ਲਵਾਂਗੇ।

ਦੂਜੇ ਪਾਸੇ ਈਰਾਨ (Iran) ਨੇ ਵੀ ਲੜਾਈ ਵਿੱਚ ਤਾਲਿਬਾਨ ਨੂੰ ਹਰਾਉਣ ਦੀ ਕਸਮ ਖਾਧੀ ਹੈ। ਈਰਾਨ ਦੇ ਪੁਲਿਸ ਮੁਖੀ ਅਹਿਮਦਰੇਜਾ ਰਾਦਾਨ ਨੇ ਕਿਹਾ ਕਿ ਸਾਡੀ ਸਰਹੱਦੀ ਫੋਰਸ ਹਰ ਹਮਲੇ ਦਾ ਜਵਾਬ ਦੇਵੇਗੀ। ਅਫਗਾਨਿਸਤਾਨ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਸ ਨੂੰ ਆਪਣੇ ਕੰਮਾਂ ਦਾ ਜਵਾਬ ਦੇਣਾ ਪਵੇਗਾ। ਕਰੀਬ ਇੱਕ ਮਹੀਨਾ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਵੀ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਹੇਲਮੰਦ ਨਦੀ ਵਿੱਚ ਈਰਾਨ ਦੇ ਜਲ ਅਧਿਕਾਰਾਂ ਦੀ ਉਲੰਘਣਾ ਨਾ ਕੀਤੀ ਜਾਵੇ।

ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਮੁਤਾਬਕ ਈਰਾਨ ‘ਚ ਪਿਛਲੇ 30 ਸਾਲਾਂ ਤੋਂ ਸੋਕੇ ਦੀ ਸਮੱਸਿਆ ਹੈ ਪਰ ਪਿਛਲੇ ਕੁਝ ਸਾਲਾਂ ‘ਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲਗਭਗ 97% ਈਰਾਨ ਹੁਣ ਕੁਝ ਹੱਦ ਤੱਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਈਰਾਨ ਵਿੱਚ ਹਰ ਸਾਲ ਸਿਰਫ਼ 240 ਤੋਂ 280 ਮਿਲੀਮੀਟਰ ਮੀਂਹ ਪੈਂਦਾ ਹੈ। ਇਹ 990 ਮਿ.ਲੀ. ਦੀ ਗਲੋਬਲ ਔਸਤ ਤੋਂ ਕਾਫੀ ਘੱਟ ਹੈ। ਦੁਨੀਆ ਦੀ ਲਗਭਗ ਇੱਕ ਪ੍ਰਤੀਸ਼ਤ ਆਬਾਦੀ ਈਰਾਨ ਵਿੱਚ ਰਹਿੰਦੀ ਹੈ, ਪਰ ਇਸ ਕੋਲ ਦੁਨੀਆ ਦੇ ਤਾਜ਼ੇ ਪਾਣੀ ਦਾ ਸਿਰਫ 0.3% ਹੈ। ਇਸ ਦੇ ਨਾਲ ਹੀ ਬਰਸਾਤ ਤੋਂ ਪ੍ਰਾਪਤ 66% ਪਾਣੀ ਵੀ ਦਰਿਆਵਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵਾਸ਼ਪੀਕਰਨ ਹੋ ਜਾਂਦਾ ਹੈ।