ਚੰਡੀਗੜ੍ਹ, 16 ਨਵੰਬਰ 2023: ਹਾਵੜਾ ਰੇਲ ਮਾਰਗ ‘ਤੇ ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਕਲੋਨ ਐਕਸਪ੍ਰੈੱਸ (Delhi-Darbhanga Express) ਦੇ ਐੱਸ-1 ਕੋਚ ਨੂੰ ਬੁੱਧਵਾਰ ਸ਼ਾਮ ਕਰੀਬ 5.30 ਵਜੇ ਅੱਗ ਲੱਗ ਗਈ। ਇਸ ਦੌਰਾਨ ਐਸ-2, ਐਸ-3 ਅਤੇ ਅਪਾਹਜ ਕੋਚ ਵੀ ਇਕ-ਇਕ ਕਰਕੇ ਅੱਗ ਦੀ ਲਪੇਟ ਵਿਚ ਆ ਗਏ। ਚਾਰੇ ਡੱਬਿਆਂ ਵਿੱਚ ਕਰੀਬ 250 ਯਾਤਰੀ ਸਵਾਰ ਸਨ।
ਅੱਗ ਦੀਆਂ ਲਪਟਾਂ ਵਿੱਚ ਘਿਰੇ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ। ਯਾਤਰੀਆਂ ਨੇ ਤੁਰੰਤ ਚੇਨ ਖਿੱਚ ਲਈ। ਸਰੈਭੂਪਤ ਸਟੇਸ਼ਨ ‘ਤੇ ਜਿਵੇਂ ਹੀ ਰੇਲਗੱਡੀ ਰੁਕੀ ਤਾਂ ਭਗਦੜ ਮੱਚ ਗਈ। ਕਈ ਯਾਤਰੀਆਂ ਨੇ ਟਰੇਨ ਦੀ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ‘ਚ ਅੱਠ ਜਣੇ ਜ਼ਖਮੀ ਹੋ ਗਏ।
ਨਵੀਂ ਦਿੱਲੀ-ਦਰਭੰਗਾ ਕਲੋਨ ਐਕਸਪ੍ਰੈੱਸ (Delhi-Darbhanga Express) ਦੇ ਐੱਸ-1 ਕੋਚ ‘ਚ ਕੁਝ ਯਾਤਰੀ ਆਪਣੀ ਸੀਟ ‘ਤੇ ਬੈਠੇ ਸਨ ਜਦਕਿ ਕੁਝ ਦਰਵਾਜ਼ੇ ‘ਤੇ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ। ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕੇ ਨਾਲ ਤੇਜ਼ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਆਵਾਜ਼ ਸੁਣ ਕੇ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਭਗਦੜ ਮੱਚ ਗਈ, ਯਾਤਰੀ ਆਪਣੀਆਂ ਸੀਟਾਂ ਛੱਡ ਕੇ ਭੱਜਣ ਲੱਗੇ।
ਅੱਗ ਕਿਵੇਂ ਲੱਗੀ ਇਸ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਣ ‘ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਥਾਨਕ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਜਿਸ ਬੋਗੀ ਵਿੱਚ ਅੱਗ ਲੱਗੀ ਸੀ। ਉਸ ਨੂੰ ਟਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ।
ਰੇਲਵੇ ਦੇ ਪੀਆਰਓ ਅਮਿਤ ਸਿੰਘ ਨੇ ਦੱਸਿਆ ਕਿ ਅੱਗ ਨਾਲ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਐੱਸ-1 ਕੋਚ ‘ਚ ਅੱਗ ਲੱਗ ਗਈ। ਇਸ ਦੇ ਅਗਲੇ ਅਤੇ ਪਿਛਲੇ ਕੋਚ S-2, S-3 ਅਤੇ SLR ਨੂੰ ਵੀ ਸਾਵਧਾਨੀ ਦੇ ਤੌਰ ‘ਤੇ ਵੱਖ ਕੀਤਾ ਗਿਆ ਸੀ। ਅੱਗ ਨੂੰ 90 ਫੀਸਦੀ ਤੱਕ ਬੁਝਾਇਆ ਜਾ ਚੁੱਕਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।