July 2, 2024 8:41 pm
Ludhiana jail

ਲੁਧਿਆਣਾ ਜੇਲ੍ਹ ‘ਚ ਜਨਮ ਦਿਨ ਪਾਰਟੀ ਕੇਸ ‘ਚ 10 ਕੈਦੀਆਂ ਖ਼ਿਲਾਫ਼ FIR ਦਰਜ, ਸ਼ੱਕ ਦੇ ਘੇਰੇ ‘ਚ ਕਈ ਪੁਲਿਸ ਅਧਿਕਾਰੀ

ਚੰਡੀਗੜ੍ਹ, 05 ਦਸੰਬਰ 2024: ਪੁਲਿਸ ਨੇ ਹੁਣ ਪੰਜਾਬ ਦੀ ਲੁਧਿਆਣਾ ਕੇਂਦਰੀ ਜੇਲ੍ਹ (Ludhiana jail) ਵਿੱਚ ਬੰਦ ਇੱਕ ਕਤਲ ਦੇ ਮੁਲਜ਼ਮ ਦੀ ਜਨਮ ਦਿਨ ਦੀ ਪਾਰਟੀ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਦਿਖਾਈ ਦੇਣ ਵਾਲੇ 10 ਹੋਰ ਕੈਦੀਆਂ ਵਿਰੁੱਧ ਐੱਫ.ਆਈ.ਆਰ ਦਰਜ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇੰਟਰਨਲ ਡੀਆਈਜੀ ਨੂੰ ਵੀ ਮਾਮਲੇ ਦੀ ਜਾਂਚ ਸੌਂਪੀ ਗਈ ਹੈ।

ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਪੰਜਾਬ ਸਾਈਬਰ ਸੈੱਲ ਨੂੰ ਵੀ ਪੱਤਰ ਲਿਖਿਆ ਹੈ ਕਿ ਜਿਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜੇਲ੍ਹ ਦੀ ਇਹ ਵੀਡੀਓ ਚੱਲ ਰਹੀ ਹੈ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ। ਜੇਕਰ ਸੋਸ਼ਲ ਮੀਡੀਆ ‘ਤੇ ਜੇਲ੍ਹ ਦੇ ਕੈਦੀਆਂ ਵੱਲੋਂ ਕੋਈ ਹੋਰ ਵੀਡੀਓ ਬਣਾਈ ਗਈ ਹੈ ਤਾਂ ਉਸ ਨੂੰ ਵੀ ਹਟਾ ਦਿਓ।

ਏਡੀਜੀਪੀ ਨੇ ਕਿਹਾ ਕਿ ਲੁਧਿਆਣਾ ਜੇਲ੍ਹ (Ludhiana jail) ਦੇ ਜਨਮ ਦਿਨ ਦੀ ਵੀਡੀਓ ਮਾਮਲੇ ਵਿੱਚ ਜਿਸ ਵੀ ਅਧਿਕਾਰੀ-ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਤੈਅ ਹੈ ਕਿ ਉਸ ਅਧਿਕਾਰੀ ਨੂੰ ਸਜ਼ਾ ਮਿਲੇਗੀ। ਹੁਣ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦਾ ਅਚਨਚੇਤ ਨਿਰੀਖਣ ਵੀ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 21 ਦਸੰਬਰ 2023 ਨੂੰ ਬਣਾਇਆ ਗਿਆ ਸੀ। ਦੋਸ਼ੀ ਅਰੁਣ ਕੁਮਾਰ ਉਰਫ ਮਨੀ ਰਾਣਾ ਨੇ ਇਹ ਵੀਡੀਓ ਆਪਣੇ ਜਨਮ ਦਿਨ ਮੌਕੇ ਬਣਾਈ ਸੀ। ਤਿੰਨ ਦਿਨਾਂ ਬਾਅਦ ਜਦੋਂ ਹੈੱਡ ਵਾਰਡਨ ਸ਼ਿੰਦਰ ਸਿੰਘ ਨੇ ਬੈਰਕ ਨੰਬਰ 4 ਵਿੱਚ ਤਲਾਸ਼ੀ ਲਈ ਤਾਂ ਅਰੁਣ ਉਰਫ਼ ਮਨੀ ਰਾਣਾ ਕੋਲੋਂ 1 ਟੱਚ ਮੋਬਾਈਲ ਫ਼ੋਨ ਰੈੱਡ-ਮੀ ਬਲੂ ਰੰਗ ਦਾ ਬਰਾਮਦ ਹੋਇਆ।

ਜਦੋਂ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਕੋਈ ਵੀ ਸਿਮ ਬਰਾਮਦ ਨਹੀਂ ਹੋਇਆ। ਮੋਬਾਈਲ ਦਾ ਕੋਈ IMEI ਨੰਬਰ ਵੀ ਨਹੀਂ ਸੀ। ਮਨੀ ਰਾਣਾ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮਨੀ ‘ਤੇ ਕੇਸ ਮੁਕੱਦਮਾ ਨੰਬਰ 313, 17 ਦਸੰਬਰ 2019 ਧਾਰਾ 397-34 ਆਈ.ਪੀ.ਸੀ., ਛਪਾਰ ਥਾਣਾ, ਯਮੁਨਾਨਗਰ, ਹਰਿਆਣਾ ਅਧੀਨ ਰਿਮਾਂਡ ਵਜੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ ।

ਇਸ ਮਾਮਲੇ ਦੀ ਜਾਂਚ ਏਡੀਜੀਪੀ ਅਰੁਣਪਾਲ ਵੱਲੋਂ ਇੰਟਰਨਲ ਡੀਆਈਜੀ ਨੂੰ ਸੌਂਪੀ ਗਈ ਹੈ। ਸੂਤਰਾਂ ਅਨੁਸਾਰ ਅਧਿਕਾਰੀ ਨੂੰ ਇਸ ਸਾਰੀ ਘਟਨਾ ਦੀ ਰਿਪੋਰਟ 15 ਤੋਂ 20 ਦਿਨਾਂ ਵਿੱਚ ਵਿਭਾਗ ਨੂੰ ਸੌਂਪਣ ਲਈ ਕਿਹਾ ਗਿਆ ਹੈ।

ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਜੋ ਸ਼ੋਰ-ਸ਼ਰਾਬੇ ਵਾਲੀ ਪਾਰਟੀ ਕਰਨ ਸਮੇਂ ਬੈਰਕ ਵਿਚ ਡਿਊਟੀ ‘ਤੇ ਹਾਜ਼ਰ ਅਧਿਕਾਰੀ ਜਾਂ ਮੁਲਜ਼ਮ ਵੀ ਸ਼ੱਕ ਦੇ ਘੇਰੇ ਵਿਚ ਹਨ । ਬੈਰਕ ‘ਚ ਉੱਚੀ ਆਵਾਜ਼ ‘ਚ ਗੀਤ ‘ਤੇ ਰੀਲ ਬਣਾਈ ਗਈ ਅਤੇ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੂੰ ਵੀ ਕੋਈ ਭਿਣਕ ਤੱਕ ਨਹੀਂ ਲੱਗ ਸਕੀ । ਘਟਨਾ ਸਮੇਂ ਅਧਿਕਾਰੀ ਦਾ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਵਿਭਾਗ ਵੱਲੋਂ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪਿਛਲੇ 20 ਦਿਨਾਂ ਦੀ ਰਿਕਾਰਡਿੰਗ ਵੀ ਚੈਕ ਕੀਤੀ ਜਾਵੇਗੀ।