Sri Muktsar Sahib

ਸਪਾਂਸਰਸ਼ਿਪ ਤੇ ਫੌਸਟਰ ਕੇਅਰ ਸਕੀਮ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 300 ਬੱਚਿਆਂ ਨੂੰ ਦਿੱਤੀ ਵਿੱਤੀ ਸਹਾਇਤਾ: ਡਾ. ਬਲਜੀਤ ਕੌਰ

ਚੰਡੀਗੜ੍ਹ/ਮਲੋਟ 20 ਅਗਸਤ 2024: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੇਸਹਾਰਾ ਬੱਚਿਆਂ ਦੀ ਭਲਾਈ ਲਈ ਸਰਕਾਰ ਵੱਲੋਂ ਚਲਾਈ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਤਹਿਤ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਜ਼ਿਲ੍ਹੇ ਦੇ 300 ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ |

ਉਨ੍ਹਾਂ ਦੱਸਿਆ ਕਿ 31 ਮਾਰਚ 2025 ਤੱਕ 7 ਹਜ਼ਾਰ ਬੱਚਿਆਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾਵੇਗਾ | ਡਾ. ਬਲਜੀਤ ਕੌਰ ਨੇ ਮਲੋਟ (Sri Muktsar Sahib) ਵਿਖੇ ਇਸ ਸਕੀਮ ਤਹਿਤ ਵਿੱਤੀ ਲਾਭ ਦੇਣ ਲਈ ਚੈੱਕ ਵੰਡਣ ਲਈ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਹੁਣ ਤੱਕ ਕਰੀਬ ਤਿੰਨ ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਤੇ ਪੰਜਾਬ ਦੇ 1704 ਬੱਚਿਆਂ ਦੀ ਵਿੱਤੀ ਸਹਾਇਤਾ ਲਈ ਚਾਲੂ ਵਿੱਤੀ ਸਾਲ ਦੌਰਾਨ 7.91 ਕਰੋੜ ਰੁਪਏ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਜੋ ਸਮਾਜ ‘ਚ ਪਿੱਛੇ ਰਹਿ ਗਏ ਹਨ, ਉਨ੍ਹਾਂ ਦੀ ਸਰਕਾਰ ਮੱਦਦ ਕਰਕੇ ਸਮਾਜ ਦੀ ਮੁੱਖ ਧਾਰਾ ਦਾ ਹਿੱਸੇਦਾਰ ਬਣਾਇਆ ਜਾਵੇ | ਇਸ ਤਰ੍ਹਾਂ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਕਾਰ ਕੀਤਾ ਜਾ ਸਕਦਾ ਹੈ |

ਉਨ੍ਹਾਂ ਕਿਹਾ ਕਿ ਜਿੰਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ, ਤਲਾਕ ਹੋ ਚੁੱਕਾ ਹੈ, ਮਾਪੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਜਾਂ ਕਿਸੇ ਕਾਰਨ ਜੇਲ੍ਹ ‘ਚ ਬੰਦ ਹਨ | ਅਜਿਹੇ ਬੱਚਿਆ ਨੂੰ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਤਹਿਤ 4000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਮੱਦਦ ਦਿੱਤੀ ਜਾਂਦੀ ਹੈ | ਉਨ੍ਹਾਂ ਨੇ ਕਿਹਾ ਕਿ ਗਰੀਬੀ ਦੇ ਖੂਹ ਤੋਂ ਬਾਹਰ ਨਿਕਲਣ ਲਈ ਪੜਾਈ ਹੀ ਇਕੋ ਇਕ ਪੌੜੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਹੈਲਪਲਾਈਨ ਨੰਬਰ 1098 ਕਾਰਜਸ਼ੀਲ ਹੈ। ਇਸ ਰਾਹੀਂ ਕੋਈ ਵੀ ਬੇਸਹਾਰਾ, ਬਾਲ ਮਜ਼ਦੂਰੀ ਕਰਦਾ ਜਾਂ ਫਿਰ ਭੀਖ ਮੰਗਦਾ ਬੱਚਾ ਦਿਖਾਈ ਦਿੰਦਾ ਹੈ ਤਾਂ ਇਸ ਹੈਲਪਲਾਈਨ ਨੰਬਰ ‘ਤੇ ਸੂਚਨਾ ਦੇ ਸਕਦਾ ਹੈ | ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਅਧੀਨ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ ਸ਼ਹਿਰੀ ਖੇਤਰ ‘ਚ 96000 ਰੁਪਏ ਅਤੇ ਪੇਂਡੂ ਖੇਤਰਾਂ ‘ਚ 72000 ਰੁਪਏ ਤੱਕ ਹੈ, ਉਹ ਹੀ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੇ। ਕਲੱਕਤਾ ‘ਚ ਬੀਬੀ ਡਾਕਟਰ ਨਾਲ ਹੋਈ ਘਟਨਾ ‘ਚ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 181 ਹੈਲਪਲਾਈਨ ਨੂੰ ਹੋਰ ਵਧੇਰੇ ਲਾਭਦਾਇਕ ਬਣਾਉਣ ਲਈ ਹੋਰ ਭਰਤੀ ਕੀਤੀ ਜਾਵੇਗੀ।

Scroll to Top