ਚੰਡੀਗੜ੍ਹ, 4 ਅਗਸਤ 2025: ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਜੰਗਲਾਤ ਵਿਭਾਗ ਅਤੇ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਨਾਲ ਬੈਠਕਾਂ ਕੀਤੀਆਂ। ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਬੈਠਕਾਂ ਦੌਰਾਨ ਉਨ੍ਹਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸਨ।
ਪੰਜਾਬ ਸਿਵਲ ਸਕੱਤਰੇਤ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਵਿਖੇ ਹੋਈਆਂ ਬੈਠਕਾਂ ਦਾ ਉਦੇਸ਼ ਯੂਨੀਅਨਾਂ ਦੁਆਰਾ ਉਠਾਈਆਂ ਜਾਇਜ਼ ਮੰਗਾਂ ਅਤੇ ਮੁੱਦਿਆਂ ਨੂੰ ਹੱਲ ਕਰਨਾ ਸੀ। ਬੈਠਕਾਂ ਦੌਰਾਨ, ਜੰਗਲਾਤ ਕਰਮਚਾਰੀ ਯੂਨੀਅਨ, ਈ.ਟੀ.ਟੀ. ਟੈਸਟ ਪਾਸ ਅਧਿਆਪਕ ਐਸੋਸੀਏਸ਼ਨ (ਜੈਸਿੰਘ ਵਾਲਾ), ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ, ਅਤੇ ਬੇਰੋਜਗਾਰ ਬੀ.ਐੱਡ ਟੀ.ਈ.ਟੀ. ਪਾਸ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਅਤੇ ਮੁੱਦੇ ਪੇਸ਼ ਕੀਤੇ।
ਜੰਗਲਾਤ ਕਰਮਚਾਰੀ ਯੂਨੀਅਨ ਨਾਲ ਬੈਠਕ ਦੌਰਾਨ, ਸਕੱਤਰ ਜੰਗਲਾਤ ਵਿਭਾਗ ਪ੍ਰਿਯਾਂਕ ਭਾਰਤੀ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਯੂਨੀਅਨ ਦੀਆਂ ਮੰਗਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਵਿੱਤ ਮੰਤਰੀ ਨੇ ਯੂਨੀਅਨਾਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਤੋਂ ਬਾਅਦ, ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਅਫਸਰ ਕਮੇਟੀ ‘ਚ ਯੂਨੀਅਨਾਂ ਦੀਆਂ ਮੁੱਖ ਮੰਗਾਂ ‘ਤੇ ਵਿਚਾਰ ਕਰੇ ਅਤੇ ਫਿਰ ਕੈਬਨਿਟ ਸਬ-ਕਮੇਟੀ ਦੇ ਸਾਹਮਣੇ ਇੱਕ ਪ੍ਰਸਤਾਵ ਰੱਖੇ।
ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਬੈਠਕਾਂ ਦੌਰਾਨ, ਵਿੱਤ ਮੰਤਰੀ ਚੀਮਾ ਅਤੇ ਸਿੱਖਿਆ ਮੰਤਰੀ ਬੈਂਸ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਪਹਿਲਾਂ ਹੀ ਵਿਚਾਰ ਅਧੀਨ ਹਨ। ਉਨ੍ਹਾਂ ਨੇ ਸਾਰੀਆਂ ਜਾਇਜ਼ ਮੰਗਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।
Read More: ਪੰਜਾਬ ਸਰਕਾਰ ਨੇ GST ਰਿਫੰਡ ‘ਚ ਲਿਆਂਦੀ ਤੇਜ਼ੀ, ਜੁਲਾਈ ‘ਚ 241.17 ਕਰੋੜ ਰੁਪਏ ਮਨਜ਼ੂਰ: ਹਰਪਾਲ ਸਿੰਘ ਚੀਮਾ