ਚੰਡੀਗੜ੍ਹ, 27 ਮਈ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਨਿਵੇਕਲੀ ਪਹਿਲਕਦਮੀ ਤਹਿਤ ਚਲਾਏ ਜਾ ਰਹੇ ਪੋਡਕਾਸਟ ਦਾ ਪੰਜਵਾਂ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ-ਟਿਊਬ) ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਚੋਣਾਂ (Election) ਸਬੰਧੀ ਕਈ ਦਿਲਚਸਪ ਅਤੇ ਰੌਚਕ ਸਵਾਲਾਂ ਦੇ ਬਹੁਤ ਹੀ ਆਸਾਨ ਤਰੀਕੇ ਨਾਲ ਜਵਾਬ ਦਿੱਤੇ ਹਨ ।
ਉਨ੍ਹਾਂ ਇਸ ਐਪੀਸੋਡ ਵਿੱਚ ਦੱਸਿਆ ਹੈ ਕਿ ਵੋਟ ਪਾਉਣ ਵੇਲੇ ਵੋਟਰ ਦੇ ਖੱਬੇ ਹੱਥ ਦੀ ਉਂਗਲ ਉੱਤੇ ਹੀ ਸਿਆਹੀ ਕਿਉਂ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੋਲਿੰਗ ਬੂਥ ਉੱਤੇ ਵੋਟ ਪਾਉਣ ਦੌਰਾਨ ਮੋਬਾਇਲ ਫੋਨ ਬੰਦ ਕਰਕੇ ਨਾਲ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ। ਸਿਬਿਨ ਸੀ ਨੇ ਕਿਸੇ ਵੀ ਐਮਰਜੈਂਸੀ ਹਾਲਤਾਂ ਨਾਲ ਨਜਿੱਠਣ ਅਤੇ ਮੁੱਢਲੀ ਸਹਾਇਤਾ ਲਈ ਪੋਲਿੰਗ ਬੂਥਾਂ ਉੱਤੇ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਚਾਨਣਾ ਪਾਇਆ ਹੈ।
ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਕਿਸ ਉਮੀਦਵਾਰ ਦੀ ਜ਼ਮਾਨਤ ਕਿਹੜੇ ਕਾਰਨਾਂ ਕਰਕੇ ਜ਼ਬਤ ਹੁੰਦੀ ਹੈ। ਸਿਬਿਨ ਸੀ ਨੇ ਇਹ ਵੀ ਦੱਸਿਆ ਹੈ ਕਿ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਹੋਟਲਾਂ, ਰੈਸਟੋਰੈਂਟ ਮਾਲਕਾਂ ਅਤੇ ਕੋਚਿੰਗ ਸੈਂਟਰਾਂ ਆਦਿ ਨੇ ਕੀ ਕੀ ਛੋਟਾਂ ਅਤੇ ਸੁਵਿਧਾਵਾਂ ਰੱਖੀਆਂ ਹਨ।
ਮੁੱਖ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ-2024 ਦੌਰਾਨ ਪ੍ਰਾਪਤ ਹੋ ਰਹੀਆਂ ਦਿਲਚਸਪ ਅਤੇ ਰੌਚਕ ਸ਼ਿਕਾਇਤਾਂ ਬਾਰੇ ਵੀ ਇਸ ਐਪੀਸੋਡ ਵਿੱਚ ਚਾਨਣਾ ਪਾਇਆ ਹੈ। ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇਕ ਬੁਲਾਰੇ ਨੇ ਅਪੀਲ ਕੀਤੀ ਹੈ ਕਿ ਜਾਣਕਾਰੀ ਭਰਪੂਰ ਸਵਾਲਾਂ ਦੇ ਜਵਾਬ ਜਾਣਨ ਲਈ ਸਾਰੇ ਵੋਟਰ ਅਤੇ ਹੋਰ ਲੋਕ ਪੋਡਕਾਸਟ ਦਾ ਇਹ ਐਪੀਸੋਡ ਜ਼ਰੂਰ ਦੇਖਣ ਅਤੇ ਬਾਕੀਆਂ ਨਾਲ ਵੀ ਸ਼ੇਅਰ ਕਰਨ ਤਾਂ ਜੋ ਆਮ ਲੋਕਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਚੋਣਾਂ (Election) ਸਬੰਧੀ ਉੱਠਦੇ ਸਵਾਲਾਂ ਦੇ ਜਵਾਬ ਮਿਲ ਸਕਣ। ਜ਼ਿਕਰਯੋਗ ਹੈ ਕਿ ਪੋਡਕਾਸਟ ਦਾ ਇਹ ਐਪੀਸੋਡ ਮੁੱਖ ਚੋਣ ਅਧਿਕਾਰੀ ਦੇ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ ਉੱਤੇ ਉਪਲੱਬਧ ਹੈ।