ਰਹਿੰਦ-ਖੂੰਹਦ

ਨਗਰ ਨਿਗਮ ਐਸ.ਏ.ਐਸ.ਨਗਰ ਵੱਲੋਂ ਆਰੰਭੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਕਾਰਜਾਂ ਨੂੰ ਦੇਖਣ ਲਈ ਸਕੂਲੀ ਵਿਦਿਆਰਥੀਆਂ ਦਾ ਫੀਲਡ ਦੌਰਾ

ਐਸ ਏ ਐਸ ਨਗਰ, 7 ਸਤੰਬਰ, 2023: ਜ਼ਿਲ੍ਹੇ ਵਿੱਚ ਕੂੜੇ ਦੇ ਪ੍ਰਬੰਧਨ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕ ਜੈਨ ਵਲੋਂ ਵਿਦਿਆਰਥਣ ਸੁਹਾਨੀ ਸ਼ਰਮਾ ਦੀ ਪਹਿਲਕਦਮੀ ਤੇ ਆਰੰਭੇ ‘ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ’ ਤਹਿਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 11, ਮੋਹਾਲੀ ਦੇ ਲਗਭਗ 54 ਵਿਦਿਆਰਥੀਆਂ ਨੇ ਸਕੂਲ ਦੇ ਨੋਡਲ ਅਫ਼ਸਰ ਓਂਕਾਰ ਸਿੰਘ ਨਾਲ ਕਲ੍ਹ ਨਗਰ ਨਿਗਮ ਮੁਹਾਲੀ ਵੱਲੋਂ ਕੂੜਾ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਟਿਕਾਊ ਅਤੇ ਚਿਰਸਥਾਈ ਵਾਤਵਰਣ ਸਹਯੋਗੀ ਯਤਨਾਂ ਨਾਲ ਸਾਂਝ ਪਾਉਣ ਲਈ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ।

ਵਿਦਿਆਰਥੀਆਂ ਨੇ ਬਾਗਬਾਨੀ ਦੀ ਰਹਿੰਦ-ਖੂੰਹਦ ਦੀ ਖਾਦ ਬਣਾਉਣ ਲਈ ਭਗਤ ਸਿੰਘ ਨੇਚਰ ਪਾਰਕ ਫੇਜ਼ 8 ਦਾ ਦੌਰਾ ਕੀਤਾ। ਐਮ ਸੀ ਮੋਹਾਲੀ ਵੱਲੋਂ ਪਾਰਕ ਵਿੱਚ ਇੱਕ ਕੰਪੋਸਟ ਸੇਲ ਪੁਆਇੰਟ ਅਤੇ ਆਰ ਆਰ ਆਰ ਸੈਂਟਰ ਖੋਲ੍ਹਿਆ ਗਿਆ ਹੈ। ਵਿਦਿਆਰਥੀਆਂ ਨੇ ਫੇਜ਼-3 ਏ ਵਿੱਚ ਰਿਸੋਰਸ ਮੈਨੇਜਮੈਂਟ ਸੈਂਟਰ ਵਿੱਚ ਕੂੜੇ ਨੂੰ ਬਾਰੀਕ ਕਰਨ, ਰਸੋਈ ਦੀ ਗਿੱਲੀ ਰਹਿੰਦ-ਖੂੰਹਦ ਦੇ ਕੰਪੋਸਟ ਪਿਟਸ, ਬੇਲਿੰਗ ਮਸ਼ੀਨਾਂ, ਨਾਰੀਅਲ ਦੇ ਖੋਪਿਆਂ ਨੂੰ ਮਸ਼ੀਨ ਰਾਹੀਂ ਚੂਰਾ ਬਣਾਉਣ ਅਤੇ ਫਿਰ ਗਊ ਸ਼ਾਲਾ ਵਿਖੇ ਗਊ ਗੋਬਰ ਦੇ ਲੌਗ (ਗੋਕਾਠ) ਬਣਦੇ ਦੇਖਣ ਲਈ ਦੌਰਾ ਕੀਤਾ। ਇਹ ਗੋਕਾਠ, ਉੱਚ ਕੈਲੋਰੀਫਿਕ (ਜਲਣਸ਼ੀਲ ਤਾਪ ) ਮੁੱਲ ਕਰਨ ਸ਼ਮਸ਼ਾਨਘਾਟ ਵਿੱਚ ਦਰਖਤਾਂ ਤੋਂ ਹਾਸਲ ਲੱਕੜੀ ਦੀ ਲੋੜ ਨੂੰ ਘਟਾਉਣ, ਨਵਿਆਉਣਯੋਗ ਊਰਜਾ ਦਾ ਇੱਕ ਵਿਕਲਪਿਕ ਸਰੋਤ ਪ੍ਰਦਾਨ ਕਰਨ ਅਤੇ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਜਾ ਰਹੇ ਹਨ। ਕੱਟੇ ਹੋਏ ਨਾਰੀਅਲ ਦੇ ਖੋਪੇ ਵੀ ਇਨ੍ਹਾਂ ਗੋਕਾਠ ਲੱਠਾਂ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ ਜੋ ਬਾਲਣ ਦੇ ਨਾਲ-ਨਾਲ ਰਹਿੰਦ-ਖੂੰਹਦ ਪ੍ਰਬੰਧਨ ਦੇ ਦੋਹਰੇ ਉਦੇਸ਼ਾਂ ਦੀ ਪੂਰਤੀ ਕਰਦੇ ਹਨ।

ਦਿੱਲੀ ਪਬਲਿਕ ਸਕੂਲ ਚੰਡੀਗੜ੍ਹ ਦੀ 11ਵੀਂ ਜਮਾਤ ਦੀ ਵਿਦਿਆਰਥਣ ਮਿਸ ਸੁਹਾਨੀ ਸ਼ਰਮਾ, ਜਿਸ ਨੇ ਇਸ ‘ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ’ ਦਾ ਸੰਕਲਪ ਉਲੀਕਿਆ ਹੈ, ਨੇ ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਜਾਣਕਾਰੀ ਦੇਣ ਲਈ ਰਜਿਸਟਰਡ ਮੋਹਾਲੀ ਸ਼ਹਿਰ ਦੇ 21 ਵੱਖ-ਵੱਖ ਸਕੂਲਾਂ ਦੇ ਦੇ ਲਗਭਗ 1150 ਵਿਦਿਆਰਥੀਆਂ ਲਈ ਲਾਈਵ ਸੈਸ਼ਨ ਵੀ ਕੀਤੇ ਹਨ। ਹੁਣ ਨਗਰ ਨਿਗਮ ਇਨ੍ਹਾਂ ਵਿਦਿਆਰਥੀਆਂ ਦੇ ਫੀਲਡ ਵਿਜ਼ਿਟ ਕਰਵਾ ਰਿਹਾ ਹੈ ਤਾਂ ਜੋ ਕੂੜੇ ਦੇ ਸਰੋਤਾਂ ਨੂੰ ਅਲੱਗ-ਅਲੱਗ ਕਰਨ ਦੀ ਵਿਧੀ ਅਤੇ ਨਿਪਟਾਰੇ ਦੀ ਵਿਧੀ ਤੋਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ‘ਰਿਡਿਊਸ, ਰਿਫਿਊਜ਼, ਰੀਯੂਜ਼, ਰੀਪਰਪੋਜ਼ ਅਤੇ ਰੀਸਾਈਕਲ‘ ਦੇ ‘ਪੰਜ ਆਰਜ਼’ ਦੀ ਪਾਲਣਾ ਕੀਤੀ ਜਾ ਸਕੇ।

ਸ਼੍ਰੀਮਤੀ ਨਵਜੋਤ ਕੌਰ, ਮਿਉਂਸਪਲ ਕਮਿਸ਼ਨਰ, ਨਗਰ ਨਿਗਮ ਮੋਹਾਲੀ ਨੇ ਸੁਹਾਨੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਅਸੀਂ ਇਸ ਮੁਹਿੰਮ ਵਿੱਚ ਸ਼ਾਮਿਲ ਸਕੂਲਾਂ ਦੇ ਨੋਡਲ ਅਫਸਰਾਂ ਨਾਲ ਤਾਲਮੇਲ ਕਰਕੇ ਆਉਣ ਵਾਲੇ ਦਿਨਾਂ ਵਿੱਚ ਸਾਰੇ 1150 ਵਿਦਿਆਰਥੀਆਂ ਦੇ ਫੀਲਡ ਵਿਜ਼ਿਟ ਦੀ ਯੋਜਨਾ ਬਣਾਈ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੇਤਰ ਦੇ ਦੌਰੇ ਦੇ ਤਜ਼ਰਬਿਆਂ ਦੇ ਆਧਾਰ ‘ਤੇ ਗਤੀਵਿਧੀਆਂ ਸੌਂਪੀਆਂ ਜਾਣਗੀਆਂ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ ਵਿੱਚ ਤਬਦੀਲੀ ਦੇ ਵਾਹਕਾਂ ਵਜੋਂ ਜਾਗਰੂਕ ਕਰਨ ਲਈ ਤਿਆਰ ਕੀਤਾ ਗਿਆ ਹੈ।

ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਇੱਕ 4 ਤੋਂ 8 ਹਫ਼ਤਿਆਂ ਦਾ ਬੁਨਿਆਦੀ ਇੰਟਰਨਸ਼ਿਪ ਪ੍ਰੋਗਰਾਮ ਹੈ ਜੋ ਡਿਪਟੀ ਕਮਿਸ਼ਨਰ ਮੋਹਾਲੀ ਦੁਆਰਾ ਕੁਝ ਦਿਨ ਪਹਿਲਾਂ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਸੀ ਜੋ ਉਹਨਾਂ ਨੂੰ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਸਿਖਾਉਂਦਾ ਹੈ। ਵਿਦਿਆਰਥੀ ਲਾਈਵ ਸੈਸ਼ਨਾਂ ਅਤੇ ਵੈਬਿਨਾਰਾਂ, ਫੀਲਡ ਵਿਜ਼ਿਟਾਂ ਵਿੱਚ ਹਿੱਸਾ ਲੈਣ, ਅਤੇ ਨਵੀਨਤਾਕਾਰੀ ਪ੍ਰੋਜੈਕਟ ਬਣਾਉਣ ਦੀਆਂ ਗਤੀਵਿਧੀਆਂ ਦਾ ਹਿੱਸਾ ਬਣਾਏ ਜਾ ਰਹੇ ਹਨ। ਕਾਲਜ ਜਾਣ ਵਾਲੇ ਵਿਦਿਆਰਥੀ ਸਕੂਲ ਦੇ ਵਿਦਿਆਰਥੀਆਂ ਨੂੰ ਸੰਭਾਲਣ ਲਈ ਇਸ ਪ੍ਰੋਗਰਾਮ ਨਾਲ ਸਲਾਹਕਾਰ (ਮੈਂਟਰ) ਵਜੋਂ ਜੁੜੇ ਹਨ।

Scroll to Top