ਹੁਸੈਨੀਵਾਲਾ ਸਰਹੱਦ

Ferozepur News: ਹੁਸੈਨੀਵਾਲਾ ਸਰਹੱਦ ਨੇੜੇ ਖੇਤਾਂ ‘ਚੋਂ 15 ਪੈਕੇਟ ਹੈਰੋਇਨ ਬਰਾਮਦ

ਫਿਰੋਜ਼ਪੁਰ, 17 ਜੁਲਾਈ 2025: Ferozepur News: ਫਿਰੋਜ਼ਪੁਰ ਬੀਐਸਐਫ ਅਤੇ ਪੁਲਿਸ ਨੂੰ ਇੱਕ ਸਾਂਝੇ ਆਪ੍ਰੇਸ਼ਨ ‘ਚ ਵੱਡੀ ਸਫਲਤਾ ਮਿਲੀ। ਇਸ ਦੌਰਾਨ ਹੁਸੈਨੀਵਾਲਾ ਸਰਹੱਦ ਨੇੜੇ ਸਥਿਤ ਪਿੰਡ ਟੇਂਡੀ ਵਾਲਾ ਅਤੇ ਜੱਲੋਕੇ ਨੇੜੇ ਸਤਲੁਜ ਦਰਿਆ ਦੇ ਕੰਢੇ ਇੱਕ ਖੇਤ ‘ਚੋਂ 15 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ।

ਜਾਣਕਾਰੀ ਮੁਤਾਬਕ ਪਾਕਿਸਤਾਨ ਤੋਂ ਇੱਕ ਡਰੋਨ ਬੁੱਧਵਾਰ ਦੇਰ ਰਾਤ ਭਾਰਤੀ ਸਰਹੱਦ ‘ਚ ਦਾਖਲ ਹੋਇਆ ਅਤੇ ਸਤਲੁਜ ਦਰਿਆ ਦੇ ਕੰਢੇ ਖੇਤਾਂ ‘ਚ ਹੈਰੋਇਨ ਦੇ ਪੈਕੇਟ ਸੁੱਟ ਕੇ ਵਾਪਸ ਪਰਤ ਆਇਆ। ਬੀਐਸਐਫ ਦੇ ਚੌਕਸ ਨਿਗਰਾਨੀ ਸਿਸਟਮ ਨੂੰ ਡਰੋਨ ਦੀ ਗਤੀਵਿਧੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਅਤੇ ਸਥਾਨਕ ਪੁਲਿਸ ਨੇ ਵੀਰਵਾਰ ਸਵੇਰੇ ਇਲਾਕੇ ‘ਚ ਇੱਕ ਤੀਬਰ ਸਰਚ ਆਪ੍ਰੇਸ਼ਨ ਚਲਾਇਆ।

ਤਲਾਸ਼ੀ ਦੌਰਾਨ ਮਿਲੇ ਪੀਲੀ ਟੇਪ ‘ਚ ਲਪੇਟੇ ਹਰੇਕ ਪੈਕੇਟ ਦਾ ਭਾਰ ਲਗਭਗ ਅੱਧਾ ਕਿਲੋ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਇਸ ਖੇਪ ਦਾ ਕੁੱਲ 7.5 ਕਿਲੋਗ੍ਰਾਮ ਹੋਣ ਦਾ ਅਨੁਮਾਨ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸਦੀ ਕੀਮਤ ਕਰੋੜਾਂ ਰੁਪਏ ‘ਚ ਦੱਸੀ ਜਾ ਰਹੀ ਹੈ।

ਇਹ ਡਰੋਨ ਦੀ ਮੱਦਦ ਨਾਲ ਕੀਤੀ ਇੱਕ ਹੋਰ ਤਸਕਰੀ ਦੀ ਕੋਸ਼ਿਸ਼ ਸੀ, ਜਿਸਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ। ਇਸ ਵੇਲੇ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਲੇ ਦੁਆਲੇ ਦੇ ਇਲਾਕਿਆਂ ‘ਚ ਹੋਰ ਪੈਕੇਟ ਲੁਕੇ ਹੋ ਸਕਦੇ ਹਨ।

Read More: ਕੱਪੜਾ ਵਪਾਰੀ ਦੇ ਕ.ਤ.ਲ ਮਾਮਲੇ ‘ਚ ਪੰਜਾਬ ਪੁਲਿਸ ਨੇ 2 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

Scroll to Top