ਚੰਡੀਗੜ੍ਹ, 22 ਜੂਨ, 2023: ਟਾਈਟੈਨਿਕ ਜਹਾਜ਼ ਦਾ ਮਲਬਾ ਵਿਖਾਉਣ ਜਾ ਰਹੀ ਟਾਈਟਨ ਪਣਡੁੱਬੀ (Titan Submarine) ਚੌਥੇ ਦਿਨ ਵੀ ਲਾਪਤਾ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵੀਰਵਾਰ ਸ਼ਾਮ 5:30 ਵਜੇ ਇਸ ਦੀ ਆਕਸੀਜਨ ਖ਼ਤਮ ਹੋ ਗਈ ਹੋਵੇਗੀ। ਇਸ ਵਿੱਚ 5 ਜਣੇ ਸਵਾਰ ਸਨ।
ਪਣਡੁੱਬੀ ਦਾ ਪਤਾ ਲਗਾਉਣ ਲਈ ਪਾਣੀ ਦੇ ਅੰਦਰ ਰੋਬੋਟਾਂ ਦੇ ਨਾਲ ਅਮਰੀਕਾ ਅਤੇ ਕੈਨੇਡਾ ਤੋਂ 3 ਸੀ-130 ਹਰਕੂਲੀਸ ਜਹਾਜ਼ ਭੇਜੇ ਗਏ ਹਨ। ਇਸ ਤੋਂ ਇਲਾਵਾ ਇੱਕ ਪੀ-8 ਏਅਰਕ੍ਰਾਫਟ ਅਤੇ 2 ਕੈਨੇਡੀਅਨ ਸਰਫੇਸ ਸ਼ਿਪ ਵੀ ਸਰਚ ਆਪਰੇਸ਼ਨ ‘ਚ ਸ਼ਾਮਲ ਹਨ। ਇਸ ਪਣਡੁੱਬੀ ਵਿੱਚ ਬ੍ਰਿਟੇਨ ਦਾ ਅਰਬਪਤੀ ਹਾਮਿਸ਼ ਹਾਰਡਿੰਗ ਮੌਜੂਦ ਹੈ, ਜਿਨ੍ਹਾਂ ਨੇ ਚੀਤੇ ਨੂੰ ਭਾਰਤ ਲਿਆਉਣ ਵਿੱਚ ਸਹਾਇਤਾ ਕੀਤੀ ਸੀ।
ਪਣਡੁੱਬੀ (Titanic Submarine) ‘ਚ ਫਰਾਂਸੀਸੀ ਗੋਤਾਖੋਰ ਪਾਲ-ਹੇਨਰੀ, ਪਾਕਿਸਤਾਨੀ-ਬ੍ਰਿਟਿਸ਼ ਕਾਰੋਬਾਰੀ ਪ੍ਰਿੰਸ ਦਾਊਦ, ਉਨ੍ਹਾਂ ਦਾ ਬੇਟਾ ਸੁਲੇਮਾਨ ਅਤੇ ਓਸ਼ਨਗੇਟ ਕੰਪਨੀ ਸਟਾਕਟਨ ਰਸ਼ ਦੇ ਸੀਈਓ ਮੌਜੂਦ ਹਨ। ਓਸ਼ਨਗੇਟ ਕੰਪਨੀ ਇਸ ਟਾਈਟਨ ਪਣਡੁੱਬੀ ਦੇ ਮਾਲਕ ਹਨ । ਇਸਦੇ ਨਾਲ ਹੀ ਬਚਾਅ ਦਲ ‘ਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਪਣਡੁੱਬੀ ਦੀ ਤਲਾਸ਼ੀ ਮੁਹਿੰਮ ਜਾਰੀ ਰਹੇਗੀ। ਆਪ੍ਰੇਸ਼ਨ ਵਿੱਚ 10 ਹੋਰ ਜਹਾਜ਼ ਅਤੇ ਕੁਝ ਪਣਡੁੱਬੀਆਂ ਵੀ ਲਾਈਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਫਰਾਂਸ ਆਪਣਾ ਅੰਡਰਵਾਟਰ ਰੋਬੋਟ ਵੀ ਸਮੁੰਦਰ ‘ਚ ਲਾਂਚ ਕਰੇਗਾ।
ਆਪਰੇਸ਼ਨ ਦੀ ਅਗਵਾਈ ਕਰ ਰਹੇ ਕੈਪਟਨ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਲੋਕ ਕਿੱਥੇ ਹਨ। ਬੁੱਧਵਾਰ ਨੂੰ ਟਾਈਟੈਨਿਕ ਦੇ ਮਲਬੇ ਦੇ ਨੇੜੇ ਤੋਂ ਰਿਕਾਰਡ ਕੀਤੀਆਂ ਆਵਾਜ਼ਾਂ ਦੇ ਆਧਾਰ ‘ਤੇ ਖੋਜ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਹੁਣ ਇਹ ਅਮਰੀਕੀ ਰਾਜ ਕਨੈਕਟੀਕਟ ਤੋਂ ਦੁੱਗਣੇ ਵੱਡੇ ਖੇਤਰ ਵਿੱਚ ਪਾਇਆ ਜਾ ਰਿਹਾ ਹੈ। ਕਨੈਕਟੀਕਟ ਦਾ ਖੇਤਰਫਲ 13,023 ਵਰਗ ਕਿਲੋਮੀਟਰ ਹੈ। ਰਾਇਟਰਜ਼ ਮੁਤਾਬਕ ਪਣਡੁੱਬੀ ਨੂੰ ਭਾਰਤੀ ਸਮੇਂ ਅਨੁਸਾਰ ਐਤਵਾਰ ਸ਼ਾਮ 5:30 ਵਜੇ ਅਟਲਾਂਟਿਕ ਮਹਾਸਾਗਰ ਵਿੱਚ ਛੱਡਿਆ ਗਿਆ। ਇਹ 96 ਘੰਟਿਆਂ ਲਈ ਆਕਸੀਜਨ ਰੱਖਦੀ ਹੈ।