June 30, 2024 10:57 pm
Road safety force

ਫਾਜ਼ਿਲਕਾ: ਦੋ ਦਿਨਾਂ ਦੌਰਾਨ ਦੋ ਸੜਕ ਦੁਰਘਟਨਾਵਾਂ ਮੌਕੇ ‘ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਦੀ ਕੀਤੀ ਮੱਦਦ

ਫਾਜ਼ਿਲਕਾ, 15 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਅਨੁਸਾਰ ਸਥਾਪਿਤ ਕੀਤੀ ਸੜਕ ਸੁਰੱਖਿਆ ਫੋਰਸ (Road safety force) ਦੇ ਸਾਰਥਕ ਨਤੀਜੇ ਨਿਕਲਣ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਦੋ ਸੜਕ ਹਾਦਸਿਆਂ ਵਿੱਚ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਦੀ ਮੱਦਦ ਕੀਤੀ।

ਉਹਨਾਂ ਦੱਸਿਆ ਕਿ ਅੱਜ ਪਿੰਡ ਨਿਹਾਲ ਖੇੜਾ ਕੋਲ ਕਰੂਜ਼ਰ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਵਿੱਚ ਚੂਹੜੀ ਵਾਲਾ ਧੰਨਾ ਨਿਵਾਸੀ ਸੋਹਨ ਲਾਲ ਅਤੇ ਲਾਲ ਚੰਦ ਗੰਭੀਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਨੇ ਤਿੰਨ ਮਿੰਟ ਵਿੱਚ ਮੌਕੇ ਤੇ ਪਹੁੰਚ ਕੇ ਤੁਰੰਤ ਜਖਮੀਆਂ ਨੂੰ ਮੁਢਲੀ ਸਹਾਇਤਾ ਦਿੰਦਿਆਂ ਛੇਤੀ ਤੋਂ ਛੇਤੀ ਸਿਵਲ ਹਸਪਤਾਲ ਅਬੋਹਰ ਪਹੁੰਚਾਇਆ ਤਾਂ ਜੋ ਉਹਨਾਂ ਨੂੰ ਡਾਕਟਰੀ ਮਦਦ ਮਿਲ ਸਕੇ । ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਸਨ ਅਤੇ ਸੜਕ ਸੁਰੱਖਿਆ ਫੋਰਸ (Road safety force) ਵੱਲੋਂ ਤੇਜ਼ੀ ਨਾਲ ਮੁਹੱਈਆ ਕਰਵਾਈ ਗਈ ਮਦਦ ਨਾਲ ਉਹ ਤੁਰੰਤ ਹੀ ਹਸਪਤਾਲ ਪਹੁੰਚ ਗਏ।

ਇਸੇ ਤਰ੍ਹਾਂ ਬੀਤੇ ਕੱਲ ਅਮੀਰ ਖਾਸ ਅਤੇ ਘੁਬਾਇਆ ਨੇੜੇ ਟਰੱਕ ਅਤੇ ਕਰੂਜ਼ਰ ਦੀ ਟੱਕਰ ਹੋ ਗਈ ਸੀ ਜਿੱਥੇ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਉਸਨੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਤੁਰੰਤ ਟ੍ਰੈਫਿਕ ਆਮ ਵਾਂਗ ਚਲਵਾਇਆ । ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸੜਕ ਸੁਰੱਖਿਆ ਫੋਰਸ ਤੈਨਾਤ ਕੀਤੀ ਗਈ ਹੈ ਜੋ ਕਿ ਸੜਕਾਂ ਤੇ ਹੋਣ ਵਾਲੇ ਸੜਕ ਹਾਦਸਿਆਂ ਮੌਕੇ ਤੁਰੰਤ ਲੋਕਾਂ ਦੀ ਸਹਾਇਤਾ ਲਈ ਪਹੁੰਚਦੀ ਹੈ।