July 2, 2024 8:17 pm
Fazilka Police

ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਨੇ ਸਰਹੱਦੀ ਇਲਾਕਿਆਂ ‘ਚ ਚਲਾਇਆ ਵਿਸੇਸ਼ ਚੈਕਿੰਗ ਅਭਿਆਨ

ਫਾਜ਼ਿਲਕਾ, 12 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅੰਤਰਰਾਸ਼ਟਰੀ ਸਰਹੱਦੀ ਦੇ ਨਾਲ ਲਗਦੇ ਪਿੰਡਾਂ ਵਿੱਚ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਫਾਜ਼ਿਲਕਾ ਪੁਲਿਸ (Fazilka Police) ਅਤੇ ਬੀਐਸਐਫ ਦੀਆਂ ਸਾਂਝੀਆਂ ਟੁਕੜੀਆਂ ਵੱਲੋਂ ਕਾਲੀਆਂ ਰਾਤਾਂ ਵਿਚ ਵੀ ਸਖਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਜੋ ਦੁਸ਼ਮਣ ਦੇਸ਼ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਨਾਪਾਕ ਹਰਕਤ ਨਾਲ ਨਜਿੱਠਿਆ ਜਾ ਸਕੇ।

ਇਸੇ ਮੁਹਿੰਮ ਤਹਿਤ ਐਸ.ਐਸ.ਪੀ ਫਾਜ਼ਿਲਕਾ ਡਾ. ਪ੍ਰਗਿਆ ਜੈਨ ਆਈਪੀਐਸ ਅਤੇ ਕਮਾਂਡੈਂਟ ਅਰੁਣ ਵਰਮਾ ਦੀ ਅਗਵਾਈ ਹੇਠ ਬੀਤੀ ਰਾਤ ਸੁਬੇਗ ਸਿੰਘ ਡੀ.ਐਸ.ਪੀ ਫਾਜਿਲ਼ਕਾ ਅਤੇ ਸੁਭਾਸ਼ ਚੰਦਰ ਅਸਿਸਟੈਂਟ ਕਮਾਂਡੈਂਟ 52 ਬਟਾਲੀਅਨ ਬੀ.ਐਸ.ਐਫ ਵੱਲੋਂ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਤਲਾਸੀ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ੀ ਕੀਤੀ ਗਈ।

ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਸਰਹੱਦ ਪਾਰੋਂ ਦੁਸ਼ਮਣ ਦੇਸ਼ ਵੱਲੋਂ ਨਸ਼ੇ ਜਾਂ ਹਥਿਆਰਾਂ ਦੀ ਸਪਲਾਈ ਡ੍ਰੋਨ ਆਦਿ ਨਾਲ ਕਰਨ ਦੀਆਂ ਕੋਸ਼ਿਸਾਂ ਅਕਸਰ ਕੀਤੀਆਂ ਜਾਂਦੀਆਂ ਹਨ ਅਤੇ ਇੰਨ੍ਹਾਂ ਕੋਸ਼ਿਸਾਂ ਨੂੰ ਨਾਕਾਮ ਕਰਨ ਲਈ ਸਾਡੀਆਂ ਸੁਰੱਖਿਆ ਫੋਰਸਾਂ ਦੀਆਂ ਅੱਖਾਂ ਹਮੇਸਾਂ ਸਤਰਕ ਰਹਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਅਤੇ ਸੀਮਾ ਸੁਰੱਖਿਆ ਬੱਲ ਦੀ ਸਾਂਝੀ ਕਾਰਵਾਈ ਨਾਲ ਫੋਰਸਾਂ ਦੀ ਤਾਕਤ ਦੁੱਗਣੀ ਹੋ ਜਾਂਦੀ ਹੈ ਤੇ ਕਾਰਜਕੁਸ਼ਲਤਾ ਵਿਚ ਵੀ ਵਾਧਾ ਹੁੰਦਾ ਹੈ।

ਇਸ ਮੌਕੇ ਐਸ.ਐਸ.ਪੀ ਫਾਜ਼ਿਲਕਾ (Fazilka Police) ਡਾ. ਪ੍ਰਗਿਆ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਆਸ ਪਾਸ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਮਿਲਦੀ ਹੈ ਤਾਂ ਇਸਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਥਾਣੇ ਅਤੇ ਪੁਲਿਸ ਹੈਲਪ ਲਾਈਨ ਨੰਬਰ 112 ਤੇ ਦਿੱਤੀ ਜਾਵੇ। ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀ ਰਾਤ ਸਮੇਂ ਸਰਹੱਦੀ ਪਿੰਡਾਂ ਵਿੱਚ ਸਾਂਝੇ ਤੌਰ ਤੇ ਗਸ਼ਤ ਕਰ ਰਹੇ ਹਨ ਤਾਂ ਕਿ ਕੋਈ ਵੀ ਮਾੜਾ ਅਨਸਰ ਲੋਕ ਸਭਾ ਚੋਣਾਂ 2024 ਦੌਰਾਨ ਕਿਸੇ ਤਰਾਂ ਦੀ ਕੋਈ ਗੜਬੜੀ ਨਾ ਕੇ ਸਕੇ ਚੋਣਾਂ ਦੇ ਕੰਮ ਨੂੰ ਨਿਰਵਿਘਨ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕਿੱਧਰੇ ਵੀ ਡ੍ਰੋਨ ਦੀ ਅਵਾਜ ਸੁਣਾਈ ਦੇਵੇ ਤਾਂ ਤੁਰੰਤ ਇਸ ਸਬੰਧੀ ਪੁਲਿਸ ਜਾਂ ਬੀਐਸਐਫ ਨੂੰ ਸੂਚਨਾ ਦਿੱਤੀ ਜਾਵੇ।