Site icon TheUnmute.com

ਫਾਜ਼ਿਲਕਾ: ਮੈਡੀਕਲ ਅਫ਼ਸਰ ਵੱਲੋਂ ਸੀ.ਐਚ.ਸੀ ਖੂਈਖੇੜਾ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ

ਫਾਜ਼ਿਲਕਾ

ਫਾਜ਼ਿਲਕਾ, 17 ਫਰਵਰੀ 2024: ਬਲਾਕ ਖੂਈਖੇੜਾ ਵਿਖੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਫਾਜ਼ਿਲਕਾ ਡਾ: ਕਵਿਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀਆਂ ਹਦਾਇਤਾਂ ਅਨੁਸਾਰ ਮੈਡੀਕਲ ਅਫ਼ਸਰ ਡਾ: ਜਤਿੰਦਰ ਰਾਜ ਸਿੰਘ ਸੈਣੀ ਨੇ ਸੀ.ਐਚ.ਸੀ ਖੂਈਖੇੜਾ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਸ਼ਨੀਵਾਰ ਨੂੰ ਚੱਲ ਰਹੇ ਮਮਤਾ ਦਿਵਸ ਦਾ ਜਾਇਜ਼ਾ ਵੀ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਲਾਕ ਖੂਈਖੇੜਾ ਦੇ ਵੱਖ-ਵੱਖ ਪਿੰਡਾਂ ਵਿੱਚ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ। ਇਨ੍ਹਾਂ ਮਮਤਾ ਦਿਵਸ ਦਾ ਜਾਇਜ਼ਾ ਲੈਣ ਲਈ ਅੱਜ ਮੈਡੀਕਲ ਅਫ਼ਸਰ ਡਾ: ਜਤਿੰਦਰ ਸੈਣੀ (ਜਨਰਲ ਸਰਜਨ) ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ |

ਇਸ ਦੌਰਾਨ ਉਨ੍ਹਾਂ ਖੂਈਖੇੜਾ ਅਧੀਨ ਪੈਂਦੇ ਸਤੀਰਵਾਲਾ ਸਬ ਸੈਂਟਰ ਵਿਖੇ ਚੱਲ ਰਹੇ ਮਮਤਾ ਦਿਵਸ ਦਾ ਜਾਇਜ਼ਾ ਲਿਆ ਅਤੇ ਹਾਜ਼ਰ ਕਰਮਚਾਰੀਆਂ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਕਿਹਾ ਕਿ ਉਹ ਮਮਤਾ ਦਿਵਸ ਵਾਲੇ ਦਿਨ ਸਿਹਤ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਲਾਭਪਾਤਰੀਆਂ ਨੂੰ ਸਮੇਂ-ਸਮੇਂ ‘ਤੇ ਜਾਣੂ ਕਰਵਾਉਣ। ਮਮਤਾ ਦਿਵਸ ਦੌਰਾਨ ਆਉਣ ਵਾਲੇ ਸਾਰੇ ਮਾਪਿਆਂ ਅਤੇ ਬੱਚਿਆਂ ਨੂੰ ਪਹਿਲਾਂ ਟੀਕਾਕਰਨ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਅਗਲੀ ਵਾਰ ਟੀਕਾਕਰਨ ਕਦੋਂ, ਕਿੱਥੇ ਅਤੇ ਕਿਸ ਨੂੰ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਮੌਜੂਦ ਮਾਵਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ, ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦਾ ਰਿਕਾਰਡ ਪਹਿਲਾਂ ਤੋਂ ਤਿਆਰ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਜਦੋਂ ਔਰਤ ਦੀ ਡਲਿਵਰੀ ਹੋਣ ਵਾਲੀ ਹੋਵੇ ਤਾਂ ਸਬੰਧਤ ਡਾਕਟਰ ਕੋਲ ਉਸ ਦੀ ਪੂਰੀ ਹਿਸਟਰੀ ਹੋਵੇ, ਜਿਸ ਨਾਲ ਉਸ ਨੂੰ ਡਿਲੀਵਰੀ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਜਣੇਪਾ ਅਤੇ ਬਾਲ ਮੌਤ ਦਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸੀਐਚਓ ਰਾਜੇਸ਼ ਕੁਮਾਰ, ਏਐਨਐਮ ਰਜਨੀ, ਸਿਹਤ ਕਰਮਚਾਰੀ ਅਮਿਤ ਕੁਮਾਰ ਅਤੇ ਆਸ਼ਾ ਵਰਕਰ ਹਾਜ਼ਰ ਸਨ।

Exit mobile version