ਫਾਜ਼ਿਲਕਾ 22 ਮਈ 2024: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹਲਕਾ ਫਿਰੋਜ਼ਪੁਰ ਲਈ ਨਾਮਜਦ ਜਨਰਲ ਅਬਜਰਵਰ ਲਕਸ਼ਮੀ ਕਾਂਤ ਰੈਡੀ ਅਤੇ ਪੁਲਿਸ ਅਬਜਰਵਰ ਏਆਰ ਦਾਮੋਦਰ ਨੇ ਅੱਜ ਫਾਜ਼ਿਲਕਾ (Fazilka) ਜ਼ਿਲ੍ਹੇ ਦਾ ਦੌਰਾ ਕੀਤਾ । ਉਹਨਾਂ ਨੇ ਇੱਥੇ ਲੋਕ ਸਭਾ ਚੋਣਾਂ ਦੀ ਕੀਤੀ ਜਾ ਰਹੀ ਤਿਆਰੀ ਦਾ ਜਾਇਜ਼ਾ ਲਿਆ ਅਤੇ ਈਵੀਐਮ ਮਸ਼ੀਨਾਂ ਦੇ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਦਾ ਜਾਇਜ਼ਾ ਵੀ ਲਿਆ ।
ਇਸ ਮੌਕੇ ਜਨਰਲ ਅਬਜਰਵਰ ਲਕਸ਼ਮੀਕਾਂਤ ਰੈਡੀ ਨੇ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਸਾਰੇ ਪ੍ਰਬੰਧ ਕੀਤੇ ਜਾਣ।
ਪੁਲਿਸ ਅਬਜਰਵਰ ਏ ਆਰ ਦਾਮੋਦਰ ਨੇ ਕਿਹਾ ਕਿ ਸੁਰੱਖਿਆ ਪੱਖੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੇ ਪ੍ਰਬੰਧ ਹੋਣਗੇ।
ਇਸ ਮੌਕੇ ਇੱਥੇ ਪੁੱਜਣ ਤੇ ਜ਼ਿਲ੍ਹੇ (Fazilka) ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਅਤੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਉਨਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਤਿਆਰੀਆਂ ਦੇ ਮੱਦੇ ਨਜ਼ਰ ਇੱਕ ਬੈਠਕ ਕੀਤੀ ਗਈ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ 20 ਮਾਡਲ ਪੋਲਿੰਗ ਬੂਥ, ਛੇ ਪਿੰਕ ਬੂਥ, 8 ਗਰੀਨ ਬੂਥ ਅਤੇ ਚਾਰ ਚਾਰ ਪੀਡਬਲਯੂਡੀ ਅਤੇ ਯੂਥ ਬੂਥ ਤਿਆਰ ਕੀਤੇ ਜਾ ਰਹੇ ਹਨ।
ਉਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 829 ਪੋਲਿੰਗ ਬੂਥ ਹਨ ਅਤੇ ਸਾਰੇ ਹੀ ਪੋਲਿੰਗ ਬੂਥਾਂ ਤੋਂ ਵੈੱਬ ਕਾਸਟਿੰਗ ਕੀਤੀ ਜਾਵੇਗੀ। 85 ਸਾਲ ਤੋਂ ਵੱਡੀ ਉਮਰ ਦੇ ਜ਼ਿਲ੍ਹੇ ਵਿੱਚ 5376 ਅਤੇ 100 ਸਾਲ ਤੋਂ ਵੱਡੀ ਉਮਰ ਦੇ 134 ਵੋਟਰ ਹਨ ਜਿਨਾਂ ਵਿੱਚੋਂ 1177 ਨੇ ਘਰ ਤੋਂ ਹੀ ਵੋਟ ਕਰਨ ਦੀ ਸੁਵਿਧਾ ਦੀ ਚੋਣ ਕੀਤੀ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ 3127 ਪੀਡਬਲਯੂਡੀ ਵੋਟਰ ਹਨ । ਜਿਨਾਂ ਵਿੱਚੋਂ 804 ਨੇ ਘਰ ਤੋਂ ਵੋਟ ਕਰਨ ਦੀ ਸੁਵਿਧਾ ਦੀ ਚੋਣ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 829 ਬੂਥ 491 ਥਾਵਾਂ ਤੇ ਹਨ ਅਤੇ ਇਨਾਂ ਸਾਰੀਆਂ ਥਾਵਾਂ ਤੇ ਵੀਲ ਚੇਅਰ ਦਾ ਪ੍ਰਬੰਧ ਕੀਤਾ ਗਿਆ ਹੈ । ਜਦੋਂ ਕਿ ਹਰੇਕ ਪੋਲਿੰਗ ਲੋਕੇਸ਼ਨ ਤੇ ਦੋ ਦੋ ਵਲੰਟੀਅਰ ਵੀ ਤੈਨਾਤ ਕੀਤੇ ਜਾਣਗੇ।
ਇਸ ਮੌਕੇ ਐਸਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 24 ਅੰਤਰਰਾਜੀ ਪੁਲਿਸ ਨਾਕੇ ਸਥਾਪਿਤ ਕੀਤੇ ਗਏ ਹਨ ਅਤੇ ਐਸਐਸਟੀ ਅਤੇ ਐਫਐਸਟੀ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ 765 ਲੋਕਾਂ ਦੇ ਖਿਲਾਫ ਅਗਾਊ ਜਾਬਤੇ ਦੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਕੇਸ਼ ਕੁਮਾਰ ਪੋਪਲੀ, ਐਸਪੀ ਰਮਨੀਸ਼ ਚੌਧਰੀ ਅਤੇ ਫਾਜ਼ਿਲਕਾ ਦੇ ਐਸਡੀਐਮ ਵਿਪਨ ਭੰਡਾਰੀ ਵੀ ਹਾਜ਼ਰ ਸਨ