July 4, 2024 10:59 pm
Fazilka

ਫਾਜ਼ਿਲਕਾ: ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਨੂੰ ਲੈ ਕੇ ਵੱਖ-ਵੱਖ ਅਧਿਕਾਰੀਆਂ ਨਾਲ ਬੈਠਕ

ਫਾਜ਼ਿਲਕਾ, 15 ਫਰਵਰੀ 2024: ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲ੍ਹਾ (Fazilka) ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਨੂੰ ਲੈ ਕੇ ਵੱਖ—ਵੱਖ ਅਧਿਕਾਰੀਆਂ ਤੇ ਮੈਂਬਰਾਂ ਨਾਲ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਗਉਵੰਸ਼ ਦੇ ਠਹਿਰਾਵ, ਉਨ੍ਹਾਂ ਦੀ ਖੁਰਾਕ ਲਈ ਹਰਾ—ਚਾਰਾ, ਇਲਾਜ ਦੇਣ ਵਿਚ ਕੋਈ ਮੁਸ਼ਕਲ ਨਾ ਆਵੇ, ਇਸ ਸਬੰਧੀ ਸਬੰਧਤ ਅਧਿਕਾਰੀਆਂ ਨੁੰ ਲੋੜੀਂਦੇ ਆਦੇਸ਼ ਜਾਰੀ ਕੀਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਬੇਸਹਾਰਾ ਗਉਵੰਸ਼ ਨੂੰ ਜ਼ਿਲੇ੍ਹ ਦੀਆਂ ਵੱਖ—ਵੱਖ ਥਾਵਾਂ ਤੋਂ ਚੁੱਕ ਕੇ ਸਰਕਾਰੀ ਗਉਸ਼ਾਲਾ ਵਿਖੇ ਲਗਾਤਾਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਬੇਸਹਾਰਾ ਗਉਵੰਸ਼ ਦੀ ਸੰਭਾਲ ਹੋ ਸਕੇਗੀ ਉਥੇ ਸੜਕੀ ਦੁਰਘਟਨਾਵਾਂ ਦੀ ਵੀ ਰੋਕਥਾਮ ਹੋਵੇਗੀ।ਉਨ੍ਹਾਂ ਕਿਹਾ ਕਿ ਗਉਵੰਸ਼ ਦੇ ਗਉਸ਼ਾਲਾ ਵਿਖੇ ਆਉਣ ਤੋਂ ਬਾਅਦ ਇਨ੍ਹਾਂ ਦੇ ਬਿਹਤਰ ਸੰਭਾਲ ਦੀ ਜਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਬਣਦੀ ਹੈ ਜਿਸ ਨੂੰ ਬਾਖੂਬੀ ਨਿਭਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਕੈਟਲ ਪੋਂਡ ਵਿਖੇ ਹੋਣ ਵਾਲੇ ਵੱਖ—ਵੱਖ ਕਾਰਜਾਂ ਸਬੰਧੀ ਅਧਿਕਾਰੀਆਂ ਨੂੰ ਕਿਹਾ ਕਿ ਕੈਟਲ ਪੋਂਡ ਵਿਖੇ ਕੈਟਲ ਸ਼ੈਡ, ਫੋਡਰ ਸ਼ੈਡ, ਹਰਾ ਚਾਰਾ ਆਦਿ ਹਰੇਕ ਤਰ੍ਹਾਂ ਨਾਲ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨੂੰ ਕਰਨ ਲਈ ਮਗਨਰੇਗਾ ਲੇਬਰ ਤੋਂ ਵੱਧ ਤੋਂ ਵੱਧ ਕੰਮ ਲਿਆ ਜਾਵੇ ਇਸ ਨਾਲ ਜਿਥੇ ਕੈਟਲ ਪੋਂਡ ਦਾ ਵਿਕਾਸ ਹੋਵੇਗਾ ਉਥੇ ਮਗਨਰੇਗਾ ਅਧੀਨ ਜ਼ੋਬਕਾਰਡ ਹੋਲਡਰਾਂ ਨੂੰ ਕੰਮ ਮਿਲੇਗਾ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੈਟਲ ਪੋਂਡ ਵਿਖੇ ਗਉਵੰਸ਼ ਦਾ ਰੋਜਾਨਾ ਚੈਕਅਪ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੇ ਜ਼ਿਲ੍ਹਾ (Fazilka) ਐਨੀਮਲ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੂੰ ਕਿਹਾ ਕਿ ਗਉਸ਼ਾਲਾ ਦੀ ਸਾਂਭ—ਸੰਭਾਲ ਲਈ ਵੱਧ ਤੋਂ ਵੱਧ ਦਾਨ ਕੀਤਾ ਜਾਵੇ ਅਤੇ ਹੋਰਨਾਂ ਨੂੰ ਦਾਨ ਕਰਨ ਪ੍ਰਤੀ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਰਾਜੀਵ ਛਾਬੜਾ, ਬੀ.ਡੀ.ਪੀ.ਓ. ਮੈਡਮ ਗਗਨਦੀਪ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਸਚਦੇਵਾ, ਮੈਂਬਰ ਦਿਨੇਸ਼ ਮੋਦੀ, ਨਗਰ ਕੌਂਸਲ ਤੋਂ ਜਗਦੀਪ, ਕੇਅਰ ਟੇਕਰ ਸੋਨੂੰ ਕੁਮਾਰ, ਪੁਲਿਸ ਵਿਭਾਗ, ਪੰਚਾਇਤੀ ਵਿਭਾਗ ਤੋਂ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।