ਫਾਜ਼ਿਲਕਾ, 14 ਮਈ 2024: ਫਾਜ਼ਿਲਕਾ ਵਿਖੇ ਸਵੀਪ ਪ੍ਰੋਗਰਾਮ ਵਿਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਵੀ ਵੋਟਰ ਜਾਗਰੂਕਤਾ ਲਈ ਅੱਗੇ ਆਏ ਹਨ। ਬੀਐਸਐਫ ਦੇ ਵਿਹੜੇ ਕਰਵਾਏ ਇਕ ਸਮਾਗਮ ਵਿਚ ਜਿੱਥੇ ਬੀਐਸਐਫ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ 100 ਫੀਸਦੀ ਮਤਦਾਨ ਕਰਨ ਦਾ ਪ੍ਰਣ ਲਿਆ ਉਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਮਤਦਾਨ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂੰ ਦੁੱਗਲ ਆਈਏਐਸ ਨੇ ਕਿਹਾ ਕਿ ਚੋਣਾਂ ਸਾਡੇ ਲੋਕਤੰਤਰ ਦਾ ਪਰਵ ਹੈ। ਸਭ ਨੂੰ ਇਸ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ। ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 75 ਫੀਸਦੀ ਤੋਂ ਵੱਧ ਮਤਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਨੇ ਕਿਹਾ ਕਿ ਜੇਕਰ ਹਰੇਕ ਯੋਗ ਵੋਟਰ ਮਤਦਾਨ ਕਰੇ ਅਤੇ ਮਤਦਾਨ ਪੂਰੀ ਜਿੰਮੇਵਾਰੀ ਨਾਲ ਕਰੇ ਤਾਂ ਲੋਕਤੰਤਰ ਮਜ਼ਬੂਤ ਹੋਵੇਗਾ।
ਬੀਐਸਐਫ (BSF) ਦੇ ਕਮਾਡੈਂਟ ਐਮ ਪ੍ਰਸ਼ਾਦ ਨੇ ਕਿਹਾ ਕਿ ਲੋਕਤੰਤਰ ਨੇ ਸਾਨੂੰ ਆਪਣੀ ਸਰਕਾਰ ਖੁਦ ਚੁਣਨ ਦਾ ਮੌਕਾ ਦਿੱਤਾ ਹੈ ਅਤੇ ਸਾਨੂੰ ਇਸ ਲਈ ਮਤਦਾਨ ਦੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵੋਟ ਮਹੱਤਵ ਪੂਰਨ ਹੁੰਦੀ ਹੈ ਅਤੇ ਇਸ ਲਈ ਹਰੇਕ ਵੋਟਰ ਮਤਦਾਨ ਕਰੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਰਾਕੇਸ ਕੁਮਾਰ ਪੋਪਲੀ ਨੇ ਕਿਹਾ ਕਿ ਵੋਟ ਸਾਡਾ ਹੱਕ ਹੀ ਨਹੀਂ ਸਾਡੀ ਜਿੰਮੇਵਾਰੀ ਵੀ ਹੈ ਅਤੇ ਇਹ ਜ਼ਿੰਮੇਵਾਰੀ ਸੋਚ ਸਮਝ ਕੇ ਲੋਕਤੰਤਰ ਪ੍ਰਤੀ ਸੱਚੀ ਨਿਸਠਾ ਰੱਖਦੇ ਹੋਏ ਨਿਭਾਉਣੀ ਚਾਹੀਦੀ ਹੈ।
ਇਸ ਮੌਕੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਮਤਦਾਨ ਕਰਨ ਦਾ ਪ੍ਰਣ ਵੀ ਲਿਆ। ਐਲਕੇ ਮਿਸ਼ਰਾ ਦੇ ਦੇਸ਼ ਭਗਤੀ ਦੇ ਗੀਤ ਅਤੇ ਜਵਾਨਾਂ ਦੇ ਮਤਦਾਨ ਦਾ ਸੁਨੇਹਾ ਦਿੰਦੇ ਗੀਤ ਨੇ ਸਭ ਨੂੰ ਸੰਗੀਤ ਦੇ ਰੰਗ ਵਿਚ ਰੰਗ ਦਿੱਤਾ। ਆਤਮਵੱਲਭ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਸਵੀਪ ਬੋਲੀਆਂ ਤੇ ਅਧਾਰਿਤ ਗਿੱਧਾ ਪੇਸ਼ ਕੀਤਾ। ਮੰਚ ਸੰਚਾਲਣ ਸਵੀਪ ਦੇ ਸਹਾਇਕ ਨੋਡਲ ਅਫ਼ਸਰ ਪ੍ਰਿੰ: ਰਾਜਿੰਦਰ ਵਿਖੋਣਾ ਨੇ ਕੀਤਾ।