ਕਣਕ ਦੀ ਨਾੜ

ਫਾਜ਼ਿਲਕਾ: ਕਣਕ ਦੀ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਕੀਤੀ ਬੈਠਕ

ਫਾਜ਼ਿਲਕਾ, 9 ਮਈ 2024: ਜ਼ਿਲ੍ਹੇ ਵਿੱਚ ਕਣਕ ਦੀ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਣ ਲਈ ਉਪਰਾਲੇ ਕਰਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਿੰਦਰ ਸਿੰਘ ਮੱਲ੍ਹੀ ਪੀਸੀਐਸ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਹੋਈ, ਜਿਸ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਹਾਜ਼ਰ ਹੋਏ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਜਿਲੇ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ। ਇਸ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਨਾੜ ਨੂੰ ਅੱਗ ਨਾਲ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਅਤੇ ਇਸ ਨੂੰ ਮਿੱਟੀ ਵਿੱਚ ਮਿਲਾਉਣ ਦੇ ਫਾਇਦੇ ਦੱਸਦੇ ਹੋਏ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ।

ਉਹਨਾਂ ਨੇ ਹਦਾਇਤ ਕੀਤੀ ਕਿ ਕਲਸਟਰ ਅਫ਼ਸਰ ਯਕੀਨੀ ਬਣਾਉਣ ਕੇ ਨੋਡਲ ਅਫਸਰਾਂ ਦੀ ਸਹਾਇਤਾ ਨਾਲ ਜਿੱਥੇ ਕਿਤੇ ਵੀ ਅੱਗ ਲੱਗਣ ਦੀ ਘਟਨਾ ਸਬੰਧੀ ਸੂਚਨਾ ਸੈਟਲਾਈਟ ਰਾਹੀਂ ਪ੍ਰਾਪਤ ਹੋਈ ਹੈ ਉਸ ਦੀ ਪੜਤਾਲ ਕਰਕੇ ਤੁਰੰਤ ਰਿਪੋਰਟ ਦਿੱਤੀ ਜਾਵੇ ਤਾਂ ਜੋ ਉਸੇ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਸਕੇ ।

ਉਨਾਂ ਨੇ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ ਦੀ ਨਾੜ ਨੂੰ ਅੱਗ ਲਾ ਕੇ ਸਾੜਨ ਦੀ ਬਜਾਏ ਇਸ ਦੀ ਤੂੜੀ ਬਣਾ ਲੈਣ ਜਾਂ ਇਸ ਨੂੰ ਖੇਤ ਵਿੱਚ ਹੀ ਮਿਲਾ ਦੇਣ ਕਿਉਂਕਿ ਇਸ ਨੂੰ ਜਮੀਨ ਵਿਚ ਮਿਲਾ ਦੇਣ ਨਾਲ ਜਮੀਨ ਵਿੱਚ ਕਾਰਬਨਿਕ ਮਾਦੇ ਵਿੱਚ ਵਾਧਾ ਹੁੰਦਾ ਹੈ ਅਤੇ ਜਮੀਨ ਦੀ ਸਿਹਤ ਚੰਗੀ ਹੁੰਦੀ ਹੈ।

ਜਦਕਿ ਇਸਨੂੰ ਅੱਗ ਲਗਾ ਕੇ ਸਾੜ ਦੇਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਖੇਤਾਂ ਵਿੱਚ ਲੱਗੇ ਰੁੱਖ ਮੱਚ ਜਾਂਦੇ ਹਨ, ਜੀਵ ਜੰਤੂਆਂ ਦਾ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਇਸਦੇ ਧੂਏ ਨਾਲ ਨੇੜੇ ਦੀਆਂ ਸੜਕਾਂ ਤੇ ਗੰਭੀਰ ਸੜਕ ਹਾਦਸੇ ਵੀ ਹੋ ਜਾਂਦੇ ਹਨ ਹਨ। ਉਹਨਾਂ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸਾਨੂੰ ਖੇਤੀਬਾੜੀ ਦੀ ਰਹਿੰਦ ਖੂੰਦ ਨੂੰ ਸਾੜਨਾ ਨਹੀਂ ਚਾਹੀਦਾ ਸਗੋਂ ਇਸਦੀ ਵਰਤੋਂ ਖੇਤ ਦੀ ਮਿੱਟੀ ਵਿੱਚ ਮਿਲਾਉਣ ਲਈ ਹੀ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੋ ਸਕੇ।

Scroll to Top