ਹੁਸ਼ਿਆਰਪੁਰ, 23 ਅਕਤੂਬਰ 2025: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਹੁਸ਼ਿਆਰਪੁਰ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ‘ਚ ਪਿੰਡ ਬੈਂਚਾ ਦੇ ਵਸਨੀਕ ਕ੍ਰਿਸ਼ਨ ਗੋਪਾਲ ਨੂੰ ਉਸਦੇ ਪੁੱਤਰ ਕੇਸ਼ਵ ਸਮੇਤ ਹੁਸ਼ਿਆਰਪੁਰ ‘ਚ ਜਿਊਲਰੀ ਸਟੋਰ `ਤੇ ਮਿੱਥਕੇ ਕਤਲ ਲਈ ਕੀਤੀ ਗੋਲੀਬਾਰੀ, ਉਨ੍ਹਾਂ ਦੇ ਸਬੰਧ ‘ਚ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਚੋਂ .32 ਕੈਲੀਬਰ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਸ ਤੋਂ ਇਲਾਵਾ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ, ਹੁਸ਼ਿਆਰਪੁਰ ਦੇ ਗਣਪਤੀ ਜਵੈਲਰ `ਤੇ 18 ਅਕਤੂਬਰ, 2025 ਨੂੰ ਮੋਟਰਸਾਈਕਲਾਂ `ਤੇ ਸਵਾਰ ਦੋ ਹਮਲਾਵਰਾਂ ਵੱਲੋਂ ਮਿੱਥ ਕੇ ਕਤਲ ਕਰਨ ਲਈ ਕੀਤੀ ਗੋਲੀਬਾਰੀ ‘ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ, ਦੁਕਾਨ ਮਾਲਕ ਨੂੰ ਇੱਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ, ਜਿਸ ‘ਚ ਉਸ ਵੱਲੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗੀ ਸੀ |
ਪੁਲਿਸ ਨੇ ਇਸ ਸਬੰਧੀ ਹੁਸ਼ਿਆਰਪੁਰ ਦੇ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਬੀਐਨਐਸ ਦੀ ਧਾਰਾ 336, 324(4) ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ ਨੰਬਰ 170 ਅਧੀਨ ਕੇਸ ਦਰਜ ਕੀਤਾ ਸੀ।
ਏਜੀਟੀਐਫ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਨੇ ਕਿਹਾ ਕਿ ਗਹਿਣਿਆਂ ਦੀ ਦੁਕਾਨ `ਤੇ ਹਮਲੇ ਤੋਂ ਬਾਅਦ, ਡੀਆਈਜੀ ਏਜੀਟੀਐਫ ਸੰਦੀਪ ਗੋਇਲ ਅਤੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਦੀ ਨਿਗਰਾਨੀ ਹੇਠ ਏਜੀਟੀਐਫ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ `ਤੇ ਮਾਮਲੇ ਦੀ ਜਾਂਚ ਕੀਤੀ |
ਏਜੀਟੀਐਫ ਪੰਜਾਬ ਅਤੇ ਹੁਸ਼ਿਆਰਪੁਰ ਪੁਲਿਸ ਦੀਆਂ ਟੀਮਾਂ ਨੇ ਪਿੰਡ ਮਹਿਦੂਦਪੁਰ ਵਿਖੇ ਸ਼ੱਕੀਆਂ ਕ੍ਰਿਸ਼ਨ ਗੋਪਾਲ ਅਤੇ ਕੇਸ਼ਵ ਨੂੰ ਰੋਕਿਆ। ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਲਈ ਪੁਲਿਸ ਪਾਰਟੀ `ਤੇ ਗੋਲੀਬਾਰੀ ਕੀਤੀ, ਪਰ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ।
Read More: ਬਿਹਾਰ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ ਦੀ ਫ਼ਿਰਾਕ ‘ਚ ਸਨ ਮਾਰੇ ਗਏ ਗੈਂਗਸਟਰ: ਦਿੱਲੀ ਪੁਲਿਸ