ਸਪੋਰਟਸ, 19 ਸਤੰਬਰ 2025: ਬੀਤੇ ਦਿਨ ਏਸ਼ੀਆ ਕੱਪ 2025 ਦੇ ਗਰੁੱਪ ਬੀ ਮੈਚ ‘ਚ ਅਫਗਾਨਿਸਤਾਨ ਵਿਰੁੱਧ ਜਿੱਤ ਦੇ ਬਾਵਜੂਦ, ਸ਼੍ਰੀਲੰਕਾਈ ਟੀਮ ਸੋਗ ਨਾਲ ਭਰੀ ਹੋਈ ਸੀ। ਟੀਮ ਦੇ ਨੌਜਵਾਨ ਆਲਰਾਊਂਡਰ, ਡੁਨਿਥ ਵੇਲਾਲਗੇ (Dunith Wellalage) ਦੇ ਪਿਤਾ, ਸੁਰੰਗਾ ਵੇਲਾਲਗੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਡੁਨਿਥ ਵੀਰਵਾਰ ਨੂੰ ਅਫਗਾਨਿਸਤਾਨ ਵਿਰੁੱਧ ਟੀਮ ਲਈ ਖੇਡ ਰਹੇ ਸਨ। ਕੋਚ ਸਨਥ ਜੈਸੂਰੀਆ ਨੇ ਮੈਚ ਤੋਂ ਬਾਅਦ ਮੈਦਾਨ ‘ਤੇ ਉਨ੍ਹਾਂ ਨੂੰ ਇਹ ਦੁਖਦਾਈ ਖ਼ਬਰ ਦਿੱਤੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇੱਕ ਵੀਡੀਓ ‘ਚ ਸ਼੍ਰੀਲੰਕਾ ਦੇ ਕੋਚ ਅਤੇ ਸਾਬਕਾ ਕ੍ਰਿਕਟ ਦਿੱਗਜ ਸਨਥ ਜੈਸੂਰੀਆ ਵੇਲਾਲਗੇ ਕੋਲ ਜਾਂਦੇ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਦਿਲਾਸਾ ਦਿੰਦੇ ਹਨ, ਉਨ੍ਹਾਂ ਦੇ ਮੋਢੇ ‘ਤੇ ਹੱਥ ਰੱਖਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੰਦੇ ਹਨ। ਗੱਲਬਾਤ ਦੌਰਾਨ ਦੁਨਿਥ ਭਾਵੁਕ ਦਿਖਾਈ ਦਿੱਤੇ। ਡੁਨਿਥ ਦੇ ਪਿਤਾ, ਸੁਰੰਗਾ ਵੇਲਾਲਗੇ ਵੀ ਇੱਕ ਕ੍ਰਿਕਟਰ ਸਨ। ਉਨ੍ਹਾਂ ਨੇ ਪ੍ਰਿੰਸ ਆਫ ਵੇਲਜ਼ ਕਾਲਜ ਦੀ ਕਪਤਾਨੀ ਕੀਤੀ। ਹਾਲਾਂਕਿ, ਉਨ੍ਹਾਂ ਨੂੰ ਕਦੇ ਵੀ ਸ਼੍ਰੀਲੰਕਾ ਦੀ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਮਿਲਿਆ।
ਮੈਚ ਦੌਰਾਨ ਕੁਮੈਂਟਰੀ ਕਰ ਰਹੇ ਸਾਬਕਾ ਸ੍ਰੀਲੰਕਾ ਕ੍ਰਿਕਟਰ ਰਸਲ ਅਰਨੋਲਡ ਨੇ ਲਾਈਵ ਕਿਹਾ, “ਦੁਨਿਥ ਵੇਲਾਲਗੇ ਦੇ ਪਿਤਾ ਸੁਰੰਗਾ ਦਾ ਹੁਣੇ ਹੀ ਦੇਹਾਂਤ ਹੋ ਗਿਆ ਹੈ। ਉਹ ਖੁਦ ਇੱਕ ਕ੍ਰਿਕਟਰ ਸਨ ਅਤੇ ਪ੍ਰਿੰਸ ਆਫ ਵੇਲਜ਼ ਕਾਲਜ ਟੀਮ ਦੀ ਕਪਤਾਨੀ ਕਰਦੇ ਸਨ। ਜਦੋਂ ਮੈਂ ਸੇਂਟ ਪੀਟਰਜ਼ ਕਾਲਜ ਲਈ ਖੇਡਦਾ ਸੀ ਤਾਂ ਉਹ ਕਪਤਾਨ ਸਨ। ਇਹ ਬਹੁਤ ਦੁਖਦਾਈ ਹੈ। ਇਹ ਖ਼ਬਰ ਹੁਣੇ ਹੀ ਡੁਨਿਥ ਨਾਲ ਸਾਂਝੀ ਕੀਤੀ ਗਈ ਹੈ। ਸਾਡੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।
ਅਫਗਾਨਿਸਤਾਨ ਵਿਰੁੱਧ ਮੈਚ ਵਿੱਚ ਡੁਨਿਥ ਵੇਲਾਲਗੇ ਦਾ ਪ੍ਰਦਰਸ਼ਨ ਉਮੀਦ ਅਨੁਸਾਰ ਨਹੀਂ ਸੀ। ਉਸਨੇ ਚਾਰ ਓਵਰਾਂ ‘ਚ 49 ਦੌੜਾਂ ਦਿੱਤੀਆਂ ਅਤੇ ਸਿਰਫ਼ ਇੱਕ ਵਿਕਟ ਲਈ। ਮੁਹੰਮਦ ਨਬੀ ਨੇ ਇੱਕ ਓਵਰ ‘ਚ ਪੰਜ ਛੱਕੇ ਮਾਰੇ। ਨਬੀ ਨੇ 22 ਗੇਂਦਾਂ ‘ਚ 60 ਦੌੜਾਂ ਦੀ ਇੱਕ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ, ਅਫਗਾਨਿਸਤਾਨ ਦੇ ਯਤਨਾਂ ਦੇ ਬਾਵਜੂਦ ਟੀਮ ਮੈਚ ਨਹੀਂ ਬਚਾ ਸਕੀ।
Read More: Read More: latest updates in our Sports News section